ਜਾਮਨਗਰ (ਪੀਟੀਆਈ) : ਗੁਜਰਾਤ ਦੇ ਜਾਮਨਗਰ ਜ਼ਿਲ੍ਹੇ 'ਚ ਸੱਤ ਲੋਕਾਂ ਨੇ ਚੋਰ ਹੋਣ ਦੇ ਸ਼ੱਕ ਵਿਚ ਇਕ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਸੋਮਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਮੋਤੀ ਖਾਵਡੀ ਪਿੰਡ ਵਿਚ ਐਤਵਾਰ ਨੂੰ ਹੋਈ ਇਸ ਘਟਨਾ ਤੋਂ ਬਾਅਦ ਮੁਲਜ਼ਮਾਂ ਵਿਚੋਂ ਤਿੰਨ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ।

ਮੇਧਪਾਰ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮਾਨਸਿਕ ਰੂਪ ਨਾਲ ਬਿਮਾਰ ਕਰੀਬ 35 ਵਰਿ੍ਆਂ ਦਾ ਇਕ ਵਿਅਕਤੀ ਐਤਵਾਰ ਸਵੇਰੇ ਦੀਵਾਰ ਟੱਪ ਕੇ ਘਰ 'ਚ ਵੜ ਗਿਆ। ਉਸ ਨੇ ਖਿੜਕੀ ਵੀ ਤੋੜ ਦਿੱਤੀ। ਇਸ ਮਕਾਨ 'ਚ ਮੁਲਜ਼ਮ ਠਹਿਰੇ ਹੋਏ ਸਨ। ਉਸ ਤੋਂ ਬਾਅਦ ਉਹ ਗਾਲ੍ਹਾਂ ਕੱਢਣ ਲੱਗਾ ਜਿਸ ਦੇ ਆਧਾਰ 'ਤੇ ਮੁਲਜ਼ਮਾਂ ਨੇ ਚੋਰ ਸਮਝ ਕੇ ਡਾਂਗਾਂ ਨਾਲ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਕੁੱਟਮਾਰ ਨਾਲ ਉਸ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ।

ਮੁਲਜ਼ਮ ਨੇੜੇ ਹੀ ਸਥਿਤ ਫੈਬ੍ਰੀਕੇਸ਼ਨ ਫੈਕਟਰੀ ਵਿਚ ਸੁਪਰਵਾਈਜ਼ਰ ਦੇ ਰੂਪ ਵਿਚ ਕੰਮ ਕਰਦੇ ਹਨ ਅਤੇ ਕਿਰਾਏ ਦੇ ਮਕਾਨ ਵਿਚ ਰਹਿੰਦੇ ਹਨ। ਜਦੋਂ ਉਨ੍ਹਾਂ ਆਪਣੇ ਸੀਨੀਅਰ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਤਾਂ ਉਹ ਘਟਨਾ ਸਥਾਨ 'ਤੇ ਪੁੱਜੇ ਅਤੇ ਪੁਲਿਸ ਨੂੰ ਜਾਣਕਾਰੀ ਦਿੱਤੀ। ਬਾਅਦ ਵਿਚ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਦੇਵਰੀਆ ਨਿਵਾਸੀ ਪ੍ਰਭਾਕਰ ਤਿ੍ਪਾਠੀ, ਸੁਲਤਾਨਪੁਰ ਨਿਵਾਸੀ ਯੋਗੇਸ਼ ਸਿੰਘ ਅਤੇ ਬਿਹਾਰ ਦੇ ਰਹਿਣ ਵਾਲੇ ਮਨੋਜ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ। ਹੋਰ ਚਾਰ ਮੁਲਜ਼ਮਾਂ ਸਾਹਿਲ ਅੰਸਾਰੀ, ਪ੍ਰਕਾਸ਼ ਕੁਮਾਰ, ਸੰਤੋਸ਼ ਮੌਰਿਆ ਅਤੇ ਸ਼ਿਵਾਜੀ ਊਧਵ ਦੀ ਤਲਾਸ਼ ਕੀਤੀ ਜਾ ਰਹੀ ਹੈ।