ਸ਼ਾਮਲੀ : ਦਿੱਲੀ-ਸਹਾਰਨਪੁਰ ਰੇਲਵੇ ਟ੍ਰੈਕ ਤੋਂ ਮਾਲਗੱਡੀ ਦੇ ਡੱਬੇ ਉਤਰਨ ਦੀ ਕਵਰੇਜ ਕਰ ਰਹੇ ਇਕ ਨਿਊਜ਼ ਚੈਨਲ ਦੇ ਪੱਤਰਕਾਰ ਅਮਿਤ ਸ਼ਰਮਾ ਦੀ ਜੀਆਰਪੀ ਇੰਸਪੈਕਟਰ ਅਤੇ ਸਿਪਾਹੀਆਂ ਨੇ ਬਰਹਿਮੀ ਨਾਲ ਕੁੱਟਮਾਰ ਕੀਤੀ। ਇੰਸਪੈਕਟਰ ਅਤੇ ਸਿਪਾਹੀ ਸ਼ਰਾਬ ਦੇ ਨਸ਼ੇ 'ਚ ਸਨ। ਪੱਤਰਕਾਰ ਨੂੰ ਥਾਣੇ ਲਿਆ ਕੇ ਕੁੱਟਮਾਰ ਕਰਨ ਤੇ ਮੂੰਹ 'ਤੇ ਪਿਸ਼ਾਬ ਕਰਨ ਦਾ ਵੀ ਦੋਸ਼ ਹੈ। ਪੀੜਤ ਪੱਤਰਕਾਰ ਨੂੰ ਹੀ ਪੁਲਿਸ ਨੇ ਥਾਣੇ ਬਿਠਾ ਲਿਆ।

ਮਾਮਲੇ ਦੀ ਵੀਡੀਓ ਵਾਇਰਲ ਹੋਣ 'ਤੇ ਮਾਮਲਾ ਲਖਨਊ-ਦਿੱਲੀ ਤਕ ਗੂੰਜਿਆ। ਡੀਜੀ ਸਮੇਤ ਤਮਾਮ ਅਧਿਕਾਰੀਆਂ ਨੇ ਮੁਲਜ਼ਮ ਇੰਸਪੈਕਟਰ ਖ਼ਿਲਾਫ਼ ਕਾਰਵਾਈ ਦਾ ਹੁਕਮ ਦਿੱਤਾ। ਸੀਓ ਜੀਆਰਪੀ ਸਹਾਰਨਪੁਰ ਦੀ ਜਾਂਚ ਤੋਂ ਬਾਅਦ ਮੁਲਜ਼ਮ ਇੰਸਪੈਕਟਰ ਤੇ ਇਕ ਸਿਪਾਹੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਵਿਭਾਗੀ ਜਾਂਚ ਕਰ ਕੇ ਹੋਰ ਮੁਲਜ਼ਮਾਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ।

ਸ਼ਾਮਲੀ 'ਚ ਮੰਗਲਵਾਰ ਰਾਤ ਧੀਮਾਨਪੁਰਾ ਫਾਟਕ ਨੇੜੇ ਦਿੱਲੀਓਂ ਆ ਰਹੀ ਮਾਲਗੱਡੀ ਦੇ ਦੋ ਡੱਬੇ ਤੇ ਗਾਰਡ ਦਾ ਡੱਬਾ ਪਟੜੀ ਤੋਂ ਉਤਰ ਗਏ ਸਨ ਜਿਸ ਕਾਰਨ 200 ਮੀਟਰ ਰੇਲਵੇ ਟ੍ਰੈਕ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਮੀਡੀਆਕਰਮੀ ਵੀ ਕਵਰੇਜ ਲਈ ਪਹੁੰਚੇ। ਰੇਲਵੇ ਟ੍ਰੈਕ ਤੋਂ ਮਾਲਗੱਡੀ ਉਤਰਨ ਦੀ ਖ਼ਬਰ ਦੀ ਕਵਰੇਜ ਕਰ ਰਹੇ ਇਕ ਟੀਵੀ ਚੈਨਲ ਦੇ ਪੱਤਰਕਾਰ ਅਮਿਤ ਸ਼ਰਮਾ ਨਾਲ ਜੀਆਰਪੀ ਇੰਸਪੈਕਟਰ ਰਾਕੇਸ਼ ਬਹਾਦੁਰ ਸਿੰਘ, ਅੱਧਾ ਦਰਜਨ ਸਿਪਾਹੀਆਂ ਨੇ ਮਾੜਾ ਵਿਹਾਰ ਸ਼ੁਰੂ ਕਰ ਦਿੱਤਾ। ਉਸ ਦਾ ਮੋਬਾਈਲ ਹੱਥ ਮਾਰ ਕੇ ਤੋੜ ਦਿੱਤਾ। ਪੱਤਰਕਾਰ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਦਾ ਮੋਬਾਈਲ ਖੋਹ ਲਿਆ ਤੇ ਬੇਰਹਿਮੀ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਜੀਆਰਪੀ ਐੱਸਓ ਦੀ ਮੌਜੂਦਗੀ 'ਚ ਇਕ ਸਿਪਾਹੀ ਕੁੱਟਮਾਰ ਕਰਦਾ ਰਿਹਾ। ਇਸ ਤੋਂ ਬਾਅਦ ਟ੍ਰੈਕ ਤੋਂ ਥਾਣੇ ਤਕ ਪੱਤਰਕਾਰ ਨੂੰ ਕੁੱਟਦੇ ਹੋਏ ਜੀਆਰਪੀ ਥਾਣੇ ਲਿਆਂਦਾ ਗਿਆ। ਪੱਤਰਕਾਰ ਦਾ ਦੋਸ਼ ਹੈ ਕਿ ਉਸ ਦੇ ਮੂੰਹ 'ਤੇ ਇੰਸਪੈਕਟਰ ਤੇ ਸਿਪਾਹੀਆਂ ਨੇ ਪਿਸ਼ਾਬ ਕੀਤਾ ਤੇ ਹਵਾਲਾਤ 'ਚ ਬੰਦ ਕਰ ਦਿੱਤਾ। ਸੂਚਨਾ ਮਿਲਣ 'ਤੇ ਸਾਰੇ ਪੱਤਰਕਾਰ ਜੀਆਰਪੀ ਥਾਣੇ ਪਹੁੰਚ ਗਏ ਪਰ ਉਨ੍ਹਾਂ ਪੱਤਰਕਾਰ ਨੂੰ ਛੱਡਣ ਤੋਂ ਮਨ੍ਹਾਂ ਕਰ ਦਿੱਤਾ। ਪੱਤਰਕਾਰ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੁੰਦੇ ਹੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਟਵੀਟ ਕੀਤੇ ਗਏ।

ਸਵੇਰੇ ਕਰੀਬ ਪੰਜ ਵਜੇ ਤਕ ਸਿਲਸਲਾ ਚਲਦਾ ਰਿਹਾ। ਇਸ ਤੋਂ ਬਾਅਦ ਐੱਸਪੀ ਰੇਲਵੇ ਮੁਰਾਦਾਬਾਦ ਨੇ ਘਟਨਾ ਦਾ ਨੋਟਿਸ ਲੈਂਦੇ ਹੋਏ ਪੁਲਿਸ ਸੁਪਰਡੈਂਟ ਜੀਆਰਪੀ ਸਹਾਰਨਪੁਰ ਰਾਮਲਖਨ ਮਿਸ਼ਰ ਤੋਂ ਜਾਂਚ ਕਰਵਾਈ। ਰਿਪੋਰਟ ਦੇ ਆਧਾਰ 'ਤੇ ਐੱਸਪੀ ਜੀਆਰਪੀ ਨੇ ਇੰਸਪੈਕਟਰ ਰਾਕੇਸ਼ ਕੁਮਾਰ ਤੇ ਸਿਪਾਹੀ ਸੰਜੇ ਪਵਾਰ ਨੂੰ ਮੁਅੱਤਲ ਕਰ ਦਿੱਤਾ। ਪੱਤਰਕਾਰ ਥਾਣੇ ਦੇ ਬਾਹਰ ਧਰਨਾ ਦੇ ਕੇ ਮੁਲਜ਼ਮ ਇੰਸਪੈਕਰਟ ਤੇ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਰਿਪੋਰਟ ਦਰਜ ਕਰ ਕੇ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ।

Posted By: Seema Anand