ਨਵੀਂ ਦਿੱਲੀ (ਪੀਟੀਆਈ) : ਵਿਦੇਸ਼ੀ ਚੰਦੇ ਦੀ ਦੁਰਵਰਤੋਂ ਮਾਮਲੇ ਵਿਚ ਸੀਨੀਅਰ ਵਕੀਲ ਆਨੰਦ ਗ੍ਰੋਵਰ, ਇੰਦਰਾ ਜੈਸਿੰਘ ਅਤੇ ਉਨ੍ਹਾਂ ਦੇ ਐੱਨਜੀਓ ਖ਼ਿਲਾਫ਼ ਸੀਬੀਆਈ ਦੀ ਪਟੀਸ਼ਨ 'ਤੇ 14 ਨਵੰਬਰ ਨੂੰ ਸੁਪਰੀਮ ਕੋਰਟ ਸੁਣਵਾਈ ਕਰੇਗਾ। ਜੈਸਿੰਘ, ਉਨ੍ਹਾਂ ਦੇ ਪਤੀ ਆਨੰਦ ਗ੍ਰੋਵਰ ਅਤੇ ਉਨ੍ਹਾਂ ਦੇ ਐੱਨਜੀਓ ਲਾਇਰਜ਼ ਕੁਲੈਕਟਿਵ ਖ਼ਿਲਾਫ਼ ਵਿਦੇਸ਼ੀ ਸਹਾਇਤਾ ਰੈਗੂਲੇਟਰੀ ਐਕਟ (ਐੱਫਸੀਆਰਏ) ਦੇ ਉਲੰਘਣ ਮਾਮਲੇ ਵਿਚ ਸੀਬੀਆਈ ਨੇ ਇਸ ਸਾਲ ਜੂਨ ਵਿਚ ਮਾਮਲਾ ਦਰਜ ਕੀਤਾ ਸੀ। ਗ੍ਰਹਿ ਮੰਤਰਾਲੇ ਦੀ ਸ਼ਿਕਾਇਤ 'ਤੇ ਜਾਂਚ ਏਜੰਸੀ ਨੇ ਮਾਮਲਾ ਦਰਜ ਕੀਤਾ ਸੀ। ਇਸ ਖ਼ਿਲਾਫ਼ ਗ੍ਰੋਵਰ ਅਤੇ ਜੈਸਿੰਘ ਨੇ ਬੰਬੇ ਹਾਈ ਕੋਰਟ ਦਾ ਰੁਖ਼ ਕੀਤਾ ਸੀ। ਹਾਈ ਕੋਰਟ ਨੇ ਸੀਬੀਆਈ ਨੂੰ ਐੱਨਜੀਓ ਅਤੇ ਉਸ ਦੇ ਸੰਸਥਾਪਕਾਂ ਖ਼ਿਲਾਫ਼ ਕੋਈ ਕਾਰਵਾਈ ਕਰਨ ਤੋਂ ਰੋਕ ਦਿੱਤਾ ਸੀ। ਜਾਂਚ ਏਜੰਸੀ ਨੇ ਹਾਈ ਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਸੀ।

ਚੀਫ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਸੀਬੀਆਈ ਦੀ ਅਪੀਲ ਨਾਲ ਹੀ ਉਸ ਜਨ ਹਿੱਤ ਪਟੀਸ਼ਨ 'ਤੇ ਵੀ ਸੁਣਵਾਈ ਕਰੇਗਾ ਜਿਸ ਵਿਚ ਵਿਦੇਸ਼ੀ ਚੰਦਾ ਲੈਣ ਵਿਚ ਉਲੰਘਣ ਦੀ ਵਿਸਥਾਰਤ ਜਾਂਚ ਦੀ ਮੰਗ ਕੀਤੀ ਗਈ ਹੈ। ਸੀਬੀਆਈ ਦਾ ਕਹਿਣਾ ਹੈ ਕਿ ਐੱਨਜੀਓ ਨੂੰ 2009 ਤੋਂ 2015 ਵਿਚਕਾਰ ਵਿਦੇਸ਼ੀ ਚੰਦਾ ਮਿਲਿਆ ਪ੍ਰੰਤੂ ਉਹ ਇਸ ਦੇ ਵੱਡੇ ਹਿੱਸੇ ਦੇ ਬਾਰੇ ਵਿਚ ਜਾਣਕਾਰੀ ਦੇਣ ਵਿਚ ਨਾਕਾਮ ਰਿਹਾ। ਕਿਹਾ ਜਾਂਦਾ ਹੈ ਕਿ ਗ੍ਰੋਵਰ ਅਤੇ ਜੈਸਿੰਘ ਨੇ ਵਿਦੇਸ਼ੀ ਚੰਦੇ ਦੀ ਵਰਤੋਂ ਨਿੱਜੀ ਫ਼ਾਇਦੇ ਲਈ ਕੀਤੀ।

ਸੀਬੀਆਈ ਨੇ ਆਪਣੀ ਪਟੀਸ਼ਨ ਵਿਚ ਕਿਹਾ ਹੈ ਕਿ ਬੰਬੇ ਹਾਈ ਕੋਰਟ ਨੇ ਆਪਣੇ ਫ਼ੈਸਲੇ ਵਿਚ ਇਹ ਨਹੀਂ ਦੱਸਿਆ ਕਿ ਦੋਸ਼ੀ ਗ੍ਰੋਵਰ, ਜੈਸਿੰਘ ਅਤੇ ਲਾਇਰਜ਼ ਕੁਲੈਕਟਿਵ ਖ਼ਿਲਾਫ਼ ਦਰਜ ਮਾਮਲਾ ਕਿਸ ਤਰ੍ਹਾਂ ਕਾਨੂੰਨ ਖ਼ਿਲਾਫ਼ ਹੈ। ਗ੍ਰੋਵਰ ਅਤੇ ਜੈਸਿੰਘ ਨੇ ਅਦਾਲਤ ਤੋਂ ਸੀਬੀਆਈ ਵਿਚ ਆਪਣੇ ਖ਼ਿਲਾਫ਼ ਦਰਜ ਮਾਮਲੇ ਨੂੰ ਖ਼ਤਮ ਕਰਨ ਦੀ ਅਪੀਲ ਕੀਤੀ ਸੀ।