ਜੇਐੱਨਐੱਨ, ਪਟਨਾ : ਸੜਕ 'ਤੇ ਵਿਦਿਆਰਥੀਆਂ ਨੇ ਸ਼ਰੇਆਮ ਛੇੜਖਾਨੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ 'ਚ ਦਰਜ ਮੁਕੱਦਮੇ 'ਚ ਜਦੋਂ ਸਥਾਨਕ ਲੋਕਾਂ ਨੇ ਗਵਾਹੀ ਦਿੱਤੀ ਤਾਂ ਪਟਨਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਇਕ ਟੋਲਾ ਗੁੱਸੇ 'ਚ ਆ ਗਿਆ। ਉਨ੍ਹਾਂ ਨੇ ਅਸ਼ੋਕ ਰਾਜਪਥ 'ਤੇ ਦੇਰ ਰਾਤ ਤਕ ਜੰਮ ਕੇ ਉਤਪਾਤ ਮਚਾਇਆ। ਯੂਨੀਵਰਸਿਟੀ ਦੇ ਗੇਟ ਕੋਲ ਵਿਦਿਆਰਥੀ ਅਤੇ ਸਥਾਨਕ ਲੋਕਾਂ ਦੀ ਭੀੜ 'ਚ ਦੋਵੇਂ ਪਾਸਿਓਂ ਪਥਰਾਅ, ਫਾਇਰਿੰਗ ਅਤੇ ਬੰਬਾਰੀ ਹੋਈ। ਇਸ ਦੌਰਾਨ ਨੇੜੇ ਦੀ ਦੁਕਾਨ 'ਤੇ ਚਾਹ ਪੀ ਰਹੇ ਇਕ ਬੇਕਸੂਰ ਨੌਜਵਾਨ ਦੀ ਮੌਤ ਹੋ ਗਈ। ਦੇਰ ਰਾਤ ਪੁਲਿਸ ਨੇ ਯੂਨੀਵਰਸਿਟੀ ਦੇ ਹੋਸਟਲਾਂ 'ਚ ਛਾਪੇਮਾਰੀ ਕਰਕੇ 20 ਵਿਦਿਆਰਥੀਆਂ ਨੂੰ ਹਿਰਾਸਤ 'ਚ ਲਿਆ। ਮੰਗਲਵਾਰ ਸਵੇਰੇ ਸਥਿਤੀ ਫਿਰ ਤਣਾਅਪੂਰਨ ਬਣ ਗਈ ਹੈ।


ਦੋ ਦਿਨਾਂ ਤੋਂ ਸੁਲਘ ਰਹੀ ਸੀ ਅੱਗ

ਦਰਅਸਲ, ਸ਼ਨਿਚਰਵਾਰ ਨੂੰ ਕੰਟੀਨ 'ਚ ਖਰਾਬ ਖਾਣਾ ਪਰੋਸਣ ਨੂੰ ਲੈ ਕੇ ਕੈਵੇਂਡਿਸ ਅਤੇ ਮਿੰਟੋ ਹੋਸਟਲ ਦੇ ਵਿਦਿਆਰਥੀਆਂ ਨੇ ਸ਼ਰੇਆਮ ਰਾਜਪਥ 'ਤੇ ਜੰਮ ਕੇ ਹੰਗਾਮਾ ਅਤੇ ਕੁੱਟਮਾਰ ਕੀਤੀ ਸੀ। ਇਸ ਦੌਰਾਨ ਕੁਝ ਵਿਦਿਆਰਥੀਆਂ ਨੇ ਇਕ ਲੜਕੀ 'ਤੇ ਗਲਤ ਕੁਮੈਂਟ ਕਰ ਦਿੱਤੇ ਸਨ, ਜਿਸ ਦਾ ਵਿਰੋਧ ਕਰਨ 'ਤੇ ਲਾਲਬਾਗ ਨਿਵਾਸੀ ਨੌਜਵਾਨ ਦੀ ਕੁੱਟਮਾਰ ਵੀ ਕੀਤੀ ਸੀ। ਉਸ ਮਾਮਲੇ 'ਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਅੱਠ ਵਿਦਿਆਰਥੀਆਂ ਨੂੰ ਹਿਰਾਸਤ 'ਚ ਲਿਆ ਸੀ।

ਸੋਮਵਾਰ ਦੇਰ ਸਾਮ ਉਸੇ ਮੁਕੱਦਮੇ 'ਚ ਤਿੰਨ ਸਥਾਨਕ ਨਾਗਰਿਕ ਪੀਰਬਹੋਰ ਥਾਣੇ 'ਚ ਆਪਣਾ ਬਿਆਨ ਦਰਜ ਕਰਵਾਉਣ ਗਏ ਸਨ। ਜਦੋਂ ਮਿੰਟੋ ਅਤੇ ਜੈਕਸਨ ਹੋਸਟਲ ਦੇ ਦੇ ਵਿਦਿਆਰਥੀਆਂ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਉਹ ਗੁੱਸੇ 'ਚ ਆ ਗਏ। ਇਕਦਮ ਦਰਜਨਾਂ ਵਿਦਿਆਰਥੀ ਹੱਥਾਂ 'ਚ ਡਾਂਗਾਂ, ਸੋਟੇ ਲੈ ਕੇ ਕੈਂਪਸ ਤੋਂ ਬਾਹਰ ਨਿਕਲੇ ਅਤੇ ਲਾਲਬਾਗ ਮੁਹੱਲੇ ਦੀਆਂ ਦੁਕਾਨਾਂ 'ਤੇ ਹਮਲਾ ਕਰ ਦਿੱਤਾ। ਉਹ ਦੁਕਾਨਾਂ 'ਤੇ ਪਥਰਾਅ ਕਰਨ ਦੇ ਨਾਲ ਸਥਾਨਕ ਲੋਕਾਂ ਦੀ ਕੁੱਟਮਾਰ ਕਰਨ ਲੱਗੇ। ਸਥਾਨਕ ਲੋਕਾਂ ਦੇ ਵਿਰੋਧ ਕਰਨ 'ਤੇ ਵਿਦਿਆਰਥੀਆਂ ਨੇ ਤਾਬੜਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ। ਸਥਾਨਕ ਲੋਕਾਂ ਨੇ ਵੀ ਜਵਾਬੀ ਫਾਇਰਿੰਗ ਕੀਤੀ। ਚਸ਼ਮਦੀਦਾਂ ਅਨੁਸਾਰ, ਵਿਦਿਆਰਥੀਆਂ ਵੱਲੋਂ ਤਿੰਨ ਬੰਬ ਵੀ ਸੁੱਟੇ ਗਏ। ਪਥਰਾਅ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਬਜ਼ੀਬਾਗ਼ ਨਿਵਾਸੀ ਸ਼ੌਕਤ (45) ਵਜੋਂ ਹੋਈ ਹੈ।


20 ਵਿਦਿਆਰਥੀ ਹਿਰਾਸਤ 'ਚ। ਸਥਿਤੀ ਤਣਾਅਪੂਰਨ

ਦੇਰ ਰਾਤ ਪੁਲਿਸ ਨੇ ਪਟਨਾ ਯੂਨੀਵਰਸਿਟੀ ਦੇ ਹੋਸਟਲਾਂ 'ਚ ਛਾਪੇਮਾਰੀ ਕਰ ਕੇ 20 ਵਿਦਿਆਰਥੀਆਂ ਨੂੰ ਹਿਰਾਸਤ 'ਚ ਲਿਆ। ਛਾਪੇਮਾਰੀ ਮੰਗਲਵਾਰ ਸਵੇਰੇ ਵੀ ਜਾਰੀ ਹੈ। ਇਸ ਦੌਰਾਨ ਸਥਿਤੀ ਤਣਾਅਪੂਰਨ ਬਣੀ ਹੋਈ ਹੈ।

Posted By: Jagjit Singh