ਸਟੇਟ ਬਿਊਰੋ, ਜੰਮੂ : ਭਾਰਤੀ ਫ਼ੌਜ ਨੇ ਕੰਟਰੋਲ ਲਾਈਨ 'ਤੇ ਉੜੀ ਦੇ ਤੰਗਧਾਰ ਸੈਕਟਰ 'ਚ ਆਪਣੇ ਦੋ ਫ਼ੌਜੀ ਜਵਾਨਾਂ ਦੀ ਸ਼ਹਾਦਤ ਤੇ ਇਕ ਨਾਗਰਿਕ ਦੀ ਮੌਤ ਦਾ ਬਦਲਾ ਕੁਝ ਘੰਟਿਆਂ 'ਚ ਹੀ ਲੈਂਦਿਆਂ ਪਾਕਿਸਤਾਨ ਨੂੰ ਸਖ਼ਤ ਸਬਕ ਸਿਖਾਇਆ ਹੈ। ਭਾਰਤ ਨੇ ਵੱਡੀ ਜਵਾਬੀ ਕਾਰਵਾਈ ਕਰਦਿਆਂ ਮਕਬੂਜ਼ਾ ਕਸ਼ਮੀਰ ਦੀ ਨੀਲਮ ਤੇ ਲੀਪਾ ਵਾਦੀ 'ਚ ਅੱਤਵਾਦੀਆਂ ਦੇ ਚਾਰ ਲਾਂਚਿੰਗ ਪੈਡਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਇਸ ਕਾਰਵਾਈ 'ਚ 10 ਪਾਕਿਸਤਾਨੀ ਫ਼ੌਜੀ ਤੇ ਹਿਜ਼ਬੁਲ ਤੇ ਜੈਸ਼ ਦੇ 35 ਅੱਤਵਾਦੀਆਂ ਦੇ ਮਾਰੇ ਜਾਣ ਦੀ ਸੂਚਨਾ ਹੈ। ਦੂਜੇ ਪਾਸੇ ਪਾਕਿ ਫ਼ੌਜ ਦੀ ਦੋ ਬਟਾਲੀਅਨ ਪੰਜਾਬ ਰੈਜੀਮੈਂਟ ਤੇ ਮੁਜਾਹਿਦ ਰੈਜੀਮੈਂਟ ਨੂੰ ਵੀ ਭਾਰੀ ਨੁਕਸਾਨ ਪੁੱਜਾ ਹੈ। ਭਾਰਤ ਨੇ ਇਸ ਕਾਰਵਾਈ ਵਿਚ ਆਪਣੀ ਅਰਟਿਲਰੀ ਤੇ ਮਲਟੀ ਬੈਰਲ ਰਾਕਟ ਲਾਂਚਰ ਪਿਨਾਕਾ ਦੇ ਨਾਲ-ਨਾਲ ਬੋਫੋਰਸ ਤੋਪਾਂ ਦੀ ਵਰਤੋਂ ਕੀਤੀ। ਦੇਰ ਸ਼ਾਮ ਤਕ ਦੋਵੇਂ ਪਾਸਿਓਂ ਰੁਕ-ਰੁਕ ਕੇ ਗੋਲ਼ਬਾਰੀ ਜਾਰੀ ਸੀ।

ਸ਼ਨਿਚਰਵਾਰ ਰਾਤ ਹੋਈ ਸੀ ਘੁਸਪੈਠ ਦੀ ਕੋਸ਼ਿਸ਼ :

ਪਾਕਿਸਤਾਨੀ ਫ਼ੌਜ ਸ਼ਨਿਚਰਵਾਰ ਰਾਤ ਤੋਂ ਹੀ ਤੰਗਧਾਰ 'ਚ ਗੋਲ਼ਾਬਾਰੀ ਕਰ ਕੇ ਭਾਰਤ ਵਿਚ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਸੀ ਜਿਸ ਨੂੰ ਫ਼ੌਜ ਨੇ ਨਾਕਾਮ ਬਣਾ ਦਿੱਤਾ ਸੀ। ਇਸ ਦੌਰਾਨ ਇਕ ਮੋਰਟਾਰ ਫ਼ੌਜੀ ਚੌਕੀ ਕੋਲ ਫਟਣ ਨਾਲ ਦੋ ਫ਼ੌਜੀ ਜਵਾਨ ਜ਼ਖ਼ਮੀ ਹੋ ਗਏ। ਬਾਅਦ ਵਿਚ ਦੋਵੇਂ ਸ਼ਹੀਦ ਹੋ ਗਏ। ਸ਼ਹੀਦ ਜਵਾਨਾਂ ਦੀ ਪਛਾਣ ਹਵਲਦਾਰ ਪਦਮ ਬਹਾਦੁਰ ਸ੍ਰੇਸ਼ਠ ਤੇ ਰਾਈਫਲਮੈਨ ਗਾਮਿਲ ਕੁਮਾਰ ਸ੍ਰੇਸ਼ਠਾ ਦੇ ਰੂਪ ਵਿਚ ਹੋਈ ਹੈ। ਇਸ ਗੋਲ਼ਾਬਾਰੀ ਵਿਚ ਇਕ ਨਾਗਰਿਕ ਮੁਹੰਮਦ ਸਾਦਿਕ ਦੀ ਵੀ ਮੌਤ ਹੋਈ ਸੀ ਜਦਕਿ ਤਿੰਨ ਨਾਗਰਿਕ ਮੁਹੰਮਦ ਮਕਬੂਲ, ਮੁਹੰਮਦ ਸ਼ਫੀ ਤੇ ਯੂਸਫ ਹਮੀਦ ਜ਼ਖ਼ਮੀ ਹੋਏ ਹਨ। ਇਸ ਤੋਂ ਇਲਾਵਾ ਤੰਗਧਾਰ ਦੇ ਗੁੰਡੀਸ਼ਾਹ 'ਚ ਪਾਕਿ ਗੋਲ਼ਾਬਾਰੀ 'ਚ ਪੰਜ ਮਕਾਨਾਂ ਦੇ ਤਬਾਹ ਹੋਣ ਦੇ ਨਾਲ-ਨਾਲ 50 ਪਸ਼ੂ ਵੀ ਮਾਰੇ ਗਏ ਹਨ। ਇਸ ਦੀ ਪੁਸ਼ਟੀ ਫ਼ੌਜ ਦੀ ਉੱਤਰੀ ਕਮਾਨ ਦੇ ਪੀਆਰਓ ਡਿਫੈਂਸ ਕਰਨਲ ਰਾਜੇਸ਼ ਕਾਲੀਆ ਨੇ ਵੀ ਕੀਤੀ ਹੈ।

ਪਾਕਿ ਫ਼ੌਜ ਦਾ ਤੇਲ ਤੇ ਅਸਲਾ ਡਿਪੂ ਵੀ ਤਬਾਹ

ਪਾਕਿਸਤਾਨ ਦੀ ਹਰਕਤ ਪਿੱਛੋਂ ਭਾਰਤੀ ਫ਼ੌਜ ਨੇ ਵੀ ਕਰਾਰਾ ਜਵਾਬ ਦਿੱਤਾ। ਫ਼ੌਜ ਨੇ ਐਤਵਾਰ ਨੂੰ ਸਟੀਕ ਹਮਲਾ ਕਰਦਿਆਂ ਐਥਾਮੁਕਾਮ 'ਚ ਪਾਕਿਸਤਾਨੀ ਫ਼ੌਜ ਦੇ ਹੈੱਡ ਕੁਆਰਟਰ ਨੂੰ ਨੁਕਸਾਨ ਪੁੱਜਣ ਦੇ ਨਾਲ-ਨਾਲ ਜੂਰਾ ਤੇ ਕੁੰਡਲ ਸਾਹੀ 'ਚ ਪਾਕਿਸਤਾਨ ਦੇ ਲਾਂਚਿੰਗ ਪੈਡ ਤਬਾਹ ਕਰ ਦਿੱਤੇ। ਇਨ੍ਹਾਂ ਲਾਂਚਿੰਗ ਪੈਡਾਂ 'ਤੇ ਮੌਜੂਦ ਕਈ ਅੱਤਵਾਦੀ ਮਾਰੇ ਗਏ। ਸੂਤਰਾਂ ਅਨੁਸਾਰ ਭਾਰਤ ਦੀ ਇਸ ਕਾਰਵਾਈ 'ਚ 10 ਪਾਕਿਸਤਾਨੀ ਫ਼ੌਜੀਆਂ ਤੇ 35 ਅੱਤਵਾਦੀਆਂ ਦੇ ਮਾਰੇ ਜਾਣ ਦੀ ਸੂਚਨਾ ਹੈ। ਇਸ ਤੋਂ ਇਲਾਵਾ ਕਈ ਫ਼ੌਜੀ ਤੇ ਅੱਤਵਾਦੀ ਜ਼ਖ਼ਮੀ ਵੀ ਹੋਏ ਹਨ। ਪਾਕਿਸਤਾਨੀ ਫ਼ੌਜ ਦੇ ਛੇ ਵਾਹਨ ਤੇ ਤਿੰਨ ਇਮਾਰਤੀ ਢਾਂਚੇ ਵੀ ਤਬਾਹ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਤਬਾਹ ਢਾਂਚਿਆਂ ਵਿਚ ਪਾਕਿ ਫ਼ੌਜ ਦਾ ਤੇਲ ਤੇ ਅਸਲਾ ਡਿਪੂ ਵੀ ਸਨ।

ਜੰਮੂ-ਕਸ਼ਮੀਰ 'ਚ ਸਰਹੱਦ 'ਤੇ ਹਾਈ ਅਲਰਟ

ਇਸ ਕਾਰਵਾਈ ਤੋਂ ਬਾਅਦ ਜੰਮੂ-ਕਸ਼ਮੀਰ 'ਚ ਕੰਟਰੋਲ ਲਾਈਨ ਤੇ ਕੌਮਾਂਤਰੀ ਸਰਹੱਦ 'ਤੇ ਹਾਈ ਅਲਰਟ ਹੈ। ਫ਼ੌਜ ਤੇ ਬੀਐੱਸਐੱਫ ਕਿਸੇ ਵੀ ਤਰ੍ਹਾਂ ਦਾ ਜਵਾਬ ਦੇਣ ਲਈ ਤਿਆਰ ਬਰ ਤਿਆਰ ਹਨ। ਉੱਧਰ ਪਾਕਿ ਗੋਲ਼ਾਬਾਰੀ ਤੋਂ ਬਚਣ ਲਈ ਬਾਰਾਮੁੱਲਾ ਤੇ ਕੁਪਵਾੜਾ 'ਚ ਐੱਲਓਸੀ ਨਾਲ ਲੱਗਦੇ ਇਲਾਕਿਆਂ ਵਿਚ ਰਹਿਣ ਵਾਲੇ ਕਈ ਪਿੰਡਾਂ ਵਾਲਿਆਂ ਨੇ ਸੁਰੱਖਿਅਤ ਸਥਾਨਾਂ 'ਤੇ ਸ਼ਰਨ ਲੈ ਲਈ ਹੈ।

ਸੱਤ ਦਿਨਾਂ 'ਚ ਭਾਰਤੀ ਫ਼ੌਜ ਵੱਲੋਂ ਦੂਜੀ ਵੱਡੀ ਕਾਰਵਾਈ :

ਭਾਰਤੀ ਫ਼ੌਜ ਨੇ ਸੱਤ ਦਿਨਾਂ ਅੰਦਰ ਨੀਲਮ ਵਾਦੀ 'ਚ ਇਹ ਦੂਜੀ ਵੱਡੀ ਕਾਰਵਾਈ ਹੈ। ਫ਼ੌਜ ਨੇ ਪਿਛਲੇ ਸ਼ਨਿਚਰਵਾਰ ਵੀ ਰਾਤ ਨੂੰ ਬਾਰਾਮੁੱਲਾ ਦੇ ਉੜੀ 'ਚ ਕੰਟਰੋਲ ਲਾਈਨ 'ਤੇ ਪਾਕਿਸਤਾਨ ਦੀ ਗੋਲ਼ਾਬਾਰੀ ਤੋਂ ਬਾਅਦ ਐਤਵਾਰ ਨੂੰ ਮੂੰਹ ਤੋੜ ਜਵਾਬ ਦਿੱਤਾ ਸੀ ਜਿਸ ਵਿਚ ਪਾਕਿਸਤਾਨ ਦੀਆਂ ਤਿੰਨ ਚੌਕੀਆਂ ਉਡਾਉਣ ਦੇ ਨਾਲ ਨੀਲਮ ਵਾਦੀ ਦੇ ਹਾਜੀਪੀਰ 'ਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਕੈਂਪ ਨੂੰ ਤਬਾਹ ਕਰ ਦਿੱਤਾ ਸੀ। ਇਹ ਕਾਰਵਾਈ ਵੀ ਭਾਰਤੀ ਜਵਾਨ ਸੰਤੋਸ਼ ਗੋਪ ਦੀ ਸ਼ਹਾਦਤ ਤੋਂ ਬਾਅਦ ਕੀਤੀ ਗਈ ਸੀ। ਇਸ ਕਾਰਵਾਈ 'ਚ ਵੀ ਕਈ ਪਾਕਿਸਤਾਨੀ ਫ਼ੌਜੀ ਤੇ ਅੱਤਵਾਦੀ ਮਾਰੇ ਗਏ ਸਨ।