ਸਟੇਟ ਬਿਊਰੋ, ਸ੍ਰੀਨਗਰ : ਰਾਜ ਦੇ ਤਿੰਨ ਸਾਬਕਾ ਮੁੱਖ ਮੰਤਰੀਆਂ-ਨੈਸ਼ਨਲ ਕਾਨਫਰੰਸ (ਨੈਕਾ) ਦੇ ਪ੍ਰਧਾਨ ਡਾ. ਫਾਰੂਕ ਅਬਦੁੱਲਾ, ਉਨ੍ਹਾਂ ਦੇ ਪੁੱਤਰ ਉਮਰ ਅਬਦੁੱਲਾ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੂੰ ਅਗਲੇ ਕੁਝ ਦਿਨਾਂ ਵਿਚ ਸ੍ਰੀਨਗਰ ਤੋਂ ਸਰਦ ਰੁੱਤ ਰਾਜਧਾਨੀ ਜੰਮੂ ਤਬਦੀਲ ਕੀਤਾ ਜਾ ਸਕਦਾ ਹੈ। ਰਾਜ ਪ੍ਰਸ਼ਾਸਨ ਨੇ ਤਿੰਨਾਂ ਆਗੂਆਂ ਨੂੰ ਵਾਦੀ ਵਿਚ ਠੰਢ ਦੇ ਕਹਿਰ ਨੂੰ ਵੇਖਦੇ ਹੋਏ ਜੰਮੂ ਵਿਚ ਕਿਸੇ ਢੁਕਵੀਂ ਥਾਂ ਹਿਰਾਸਤ ਵਿਚ ਰੱਖਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਦੇ ਇਲਾਵਾ ਪੀਪਲਜ਼ ਕਾਨਫਰੰਸ ਦੇ ਚੇਅਰਮੈਨ ਸੱਜਾਦ ਗਨੀ ਲੋਨ ਨੂੰ ਵੀ ਜੰਮੂ ਲਿਆਇਆ ਜਾ ਸਕਦਾ ਹੈ ਜਦਕਿ ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਇਮਾਰਤ ਵਿਚ ਸਥਿਤ ਸੰਤੂਰ ਵਿਚ ਰੱਖੇ ਗਏ 34 ਹੋਰ ਆਗੂਆਂ ਵਿਚੋਂ ਜ਼ਿਆਦਾਤਰ ਨੂੰ ਰਿਹਾਅ ਕਰਨ ਅਤੇ ਇਕ ਦਰਜਨ ਦੇ ਕਰੀਬ ਨੂੰ ਐੱਮਐੱਲਏ ਹੋਸਟਲ ਸ੍ਰੀਨਗਰ ਜਾਂ ਫਿਰ ਸੋਮਵਾਰ ਦੇ ਆਸਪਾਸ ਇਕ ਨਿੱਜੀ ਹੋਟਲ ਵਿਚ ਰੱਖੇ ਜਾਣ ਦੀ ਯੋਜਨਾ ਹੈ।

ਸੂਤਰਾਂ ਨੇ ਦੱਸਿਆ ਕਿ ਡਾ. ਫਾਰੂਕ ਅਬਦੁੱਲਾ ਦੀ ਕਿਡਨੀ ਦਾ ਆਪ੍ਰੇਸ਼ਨ ਹੋ ਚੁੱਕਾ ਹੈ। ਇਸ ਦੇ ਇਲਾਵਾ ਉਹ ਦਿਲ ਦੇ ਰੋਗ ਅਤੇ ਸ਼ੂਗਰ ਤੋਂ ਪੀੜਤ ਹਨ। ਮਹਿਬੂਬਾ ਮੁਫ਼ਤੀ ਦੀ ਵੀ ਤਬੀਅਤ ਠੀਕ ਨਹੀਂ ਹੈ। ਉਨ੍ਹਾਂ ਦੇ ਧੀ ਇਲਤਜ਼ਾ ਨੇ ਕਈ ਮੰਚਾਂ 'ਤੇ ਆਪਣੀ ਮਾਂ ਦੀ ਸਿਹਤ ਠੀਕ ਨਾ ਹੋਣ ਦੀ ਗੱਲ ਕਹੀ ਹੈ। ਸੱਜਾਦ ਗਨੀ ਲੋਨ ਦੀ ਸਿਹਤ ਠੀਕ ਨਹੀਂ ਹੈ। ਪ੍ਰਸ਼ਾਸਨ ਨਹੀਂ ਚਾਹੁੰਦਾ ਕਿ ਠੰਢ ਕਾਰਨ ਇਨ੍ਹਾਂ ਆਗੂਆਂ ਦੀ ਸਿਹਤ 'ਤੇ ਕੋਈ ਅਸਰ ਪਵੇ। ਪੰਜ ਅਗਸਤ ਨੂੰ ਕੇਂਦਰ ਵੱਲੋਂ ਜੰਮੂ-ਕਸ਼ਮੀਰ ਵਿਚ ਧਾਰਾ 370 ਖ਼ਤਮ ਕਰਨ 'ਤੇ ਗੜਬੜੀ ਦੀ ਸ਼ੰਕਾ ਕਾਰਨ ਪ੍ਰਸ਼ਾਸਨ ਨੇ ਇਨ੍ਹਾਂ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ ਸੀ ਤੇ ਇਨ੍ਹਾਂ ਨੂੰ ਅਜੇ ਤਕ ਰਿਹਾਅ ਨਹੀਂ ਕੀਤਾ ਗਿਆ।