ਨਵੀਂ ਦਿੱਲੀ (ਪੀਟੀਆਈ) : ਪੀਕੇ ਮਿਸ਼ਰ ਤੇ ਪੀਕੇ ਸਿਨਹਾ ਨੂੰ ਕ੍ਰਮਵਾਰ ਪ੍ਰਧਾਨ ਮੰਤਰੀ ਦਾ ਪ੍ਰਮੁੱਖ ਸਕੱਤਰ ਤੇ ਪ੍ਰਮੁੱਖ ਸਲਾਹਕਾਰ ਨਿਯੁਕਤ ਕੀਤੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਨੇ ਇਨ੍ਹਾਂ ਦੋਵਾਂ ਅਧਿਕਾਰੀਆਂ ਦੇ ਨਾਲ ਹੀ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਭਾਲ ਦੇ ਕਾਰਜ ਖੇਤਰ ਨੂੰ ਨਿਰਧਾਰਤ ਕਰ ਦਿੱਤਾ ਹੈ। ਮਿਸ਼ਰ ਤੇ ਡੋਭਾਲ ਨੂੰ ਕੈਬਨਿਟ ਮੰਤਰੀ ਦਾ ਦਰਜਾ ਪ੍ਰਾਪਤ ਹੈ।

ਪੀਐੱਮਓ ਵੱਲੋਂ ਜਾਰੀ ਆਦੇਸ਼ ਮੁਤਾਬਕ ਪ੍ਰਮੁੱਖ ਸਕੱਤਰ ਪੀਕੇ ਮਿਸ਼ਰ ਨੀਤੀਗਤ ਮੁੱਦਿਆਂ ਤੇ ਅਮਲਾ ਤੇ ਕਾਨੂੰਨ ਮੰਤਰਾਲੇ ਤੋਂ ਇਲਾਵਾ ਕੈਬਨਿਟ ਦੀ ਨਿਯੁਕਤ ਕਮੇਟੀ ਤੇ ਹੋਰ ਨਿਯੁਕਤੀਆਂ ਨਾਲ ਜੁੜੇ ਮਾਮਲੇ ਦੇਖਣਗੇ। ਆਦੇਸ਼ ਅਨੁਸਾਰ ਉਹ ਕੈਬਨਿਟ ਸਕੱਤ੍ਰੇਤ ਨਾਲ ਸਬੰਧਿਤ ਮੁੱਦੇ, ਕੈਬਨਿਟ ਦੀ ਮੀਟਿੰਗ ਲਈ ਵਿਸ਼ਿਆਂ ਦੀ ਸੂਚੀ, ਭਿ੍ਸ਼ਟਾਚਾਰ ਰੋਕੂ ਇਕਾਈ, ਪੀਐੱਮਓ ਦੇ ਸਥਾਪਨ ਤੇ ਸਾਰੇ ਮਹੱਤਵਪੂਰਨ ਨੀਤੀਗਤ ਮੁੱਦੇ ਤੇ ਮਾਮਲੇ ਵੀ ਦੇਖਣਗੇ।

ਐੱਨਐੱਸਏ ਡੋਭਾਲ ਨਿਯੁਕਤੀਆਂ ਨੂੰ ਛੱਡ ਕੇ ਰਾਸ਼ਟਰੀ ਸੁਰੱਖਿਆ ਤੇ ਨੀਤੀਗਤ ਮਾਮਲਿਆਂ ਨਾਲ ਜੁੜੇ ਸਾਰੇ ਮਾਮਲੇ ਦੇਖਣਗੇ। ਉਹ ਵਿਦੇਸ਼ ਮੰਤਰਾਲਾ, ਪਰਵਾਸੀ ਭਾਰਤੀ ਮਾਮਲਿਆਂ ਦਾ ਮੰਤਰਾਲਾ, ਰੱਖਿਆ ਮੰਤਰਾਲਾ, ਪੁਲਾੜ, ਪਰਮਾਣੂ ਊਰਜਾ ਮੰਤਰਾਲਿਆਂ ਦੇ ਨਾਲ ਹੀ ਦੇਸ਼ ਦੀ ਖ਼ੁਫ਼ੀਆ ਏਜੰਸੀ ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ) ਨਾਲ ਜੁੜੇ ਮਾਮਲੇ ਵੀ ਦੇਖਣਗੇ।

ਅਜੀਤ ਡੋਭਾਲ ਰਾਸ਼ਟਰੀ ਸੁਰੱਖਿਆ ਕੌਂਸਲ ਸਕੱਤ੍ਰੇਤ ਤੇ ਦੇਸ਼ ਦੀਆਂ ਰਸਾਇਣਿਕ ਹਥਿਆਰਾਂ ਨਾਲ ਜੁੜੀਆਂ ਨੀਤੀਆਂ ਤੇ ਮਾਮਲਿਆਂ ਦੇ ਵੀ ਇੰਚਾਰਜ ਹੋਣਗੇ। ਇਸ ਤੋਂ ਇਲਾਵਾ ਉਨ੍ਹਾਂ ਨੂੰ ਨੈਸ਼ਨਲ ਸੋਸ਼ਲਿਸਟ ਕੌਂਸਲ ਆਫ ਨਾਗਾਲੈਂਡ ਦੇ ਵੱਖਵਾਦੀਆਂ ਨਾਲ ਗੱਲਬਾਤ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਹੈ।

ਪੀਐੱਮਓ ਤੋਂ 13 ਸਤੰਬਰ ਨੂੰ ਜਾਰੀ ਆਦੇਸ਼ ਮੁਤਾਬਕ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਲਾਹਕਾਰ ਪੀਕੇ ਸਿਨਹਾ, ਪ੍ਰਮੁੱਖ ਸਕੱਤਰ ਤੇ ਐੱਨਐੱਸਏ ਵਿਸ਼ੇਸ਼ ਰੂਪ 'ਚ ਅਲਾਟ ਕੀਤੇ ਗਏ ਮੰਤਰਾਲਿਆਂ, ਵਿਭਾਗਾਂ ਤੇ ਕਾਰਜਾਂ ਨੂੰ ਛੱਡ ਕੇ ਸਾਰੇ ਮੰਤਰਾਲਿਆਂ, ਵਿਭਾਗਾਂ, ਏਜੰਸੀਆਂ, ਅਦਾਰਿਆਂ ਨਾਲ ਜੁੜੇ ਨੀਤੀਗਤ ਮੁੱਦਿਆਂ ਤੇ ਮਾਮਲਿਆਂ ਨੂੰ ਦੇਖਣਗੇ।

ਪੀਕੇ ਮਿਸ਼ਰ ਪ੍ਰਧਾਨ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਸਨ। ਉਨ੍ਹਾਂ ਨੂੰ ਪਿਛਲੇ ਹਫ਼ਤੇ ਹੀ ਨਿ੍ਪੇਂਦਰ ਮਿਸ਼ਰ ਵੱਲੋਂ ਅਹੁਦਾ ਛੱਡਣ ਪਿੱਛੋਂ ਪ੍ਰਧਾਨ ਮੰਤਰੀ ਦਾ ਪ੍ਰਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਸੀ। ਸਾਬਕਾ ਕੈਬਨਿਟ ਸਕੱਤਰ ਪੀਕੇ ਸਿਨਹਾ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਲਾਹਕਾਰ ਬਣਾਏ ਜਾਣ ਤੋਂ ਪਹਿਲਾਂ ਪੀਐੱਮਓ ਵਿਚ ਓਐੱਸਡੀ ਸਨ।