ਗੁਹਾਟੀ (ਪੀਟੀਆਈ) : ਅਸਾਮ ਦੇ ਸਿੱਖਿਆ ਮੰਤਰੀ ਹੇਮੰਤ ਬਿਸਵ ਸਰਮਾ ਨੇ ਸ਼ਨਿਚਰਵਾਰ ਨੂੰ ਦੱਸਿਆ ਕਿ ਸੂਬੇ 'ਚ ਸਾਰੇ ਮਦਰੱਸਿਆਂ ਤੇ ਸੰਸਕ੍ਰਿਤ ਸਕੂਲਾਂ ਨੂੰ ਬੰਦ ਕੀਤਾ ਜਾਵੇਗਾ।

ਇਸ ਮਕਸਦ ਨਾਲ ਨੋਟੀਫਿਕੇਸ਼ਨ ਨਵੰਬਰ 'ਚ ਜਾਰੀ ਕੀਤਾ ਜਾਵੇਗਾ। ਇਕ ਪ੍ਰਰੈੱਸ ਕਾਨਫਰੰਸ 'ਚ ਬਿਸਵ ਸਰਮਾ ਨੇ ਦੱਸਿਆ ਕਿ ਮਦਰੱਸਾ ਸਿੱਖਿਆ ਬੋਰਡ ਭੰਗ ਕਰ ਦਿੱਤਾ ਜਾਵੇਗਾ। ਸਾਰੇ ਸਰਕਾਰੀ ਮਦਰੱਸਿਆਂ ਨੂੰ ਹਾਈ ਸਕੂਲਾਂ 'ਚ ਤਬਦੀਲ ਕਰ ਦਿੱਤਾ ਜਾਵੇਗਾ ਤੇ ਇਸ 'ਚ ਸਾਰਿਆਂ ਨੂੰ ਨਿਯਮਿਤ ਵਿਦਿਆਰਥੀਆਂ ਵਜੋਂ ਦਾਖ਼ਲਾ ਦਿੱਤਾ ਜਾਵੇਗਾ।

ਉਨ੍ਹਾਂ ਨੇ ਕਿਹਾ, 'ਆਖ਼ਰੀ ਵਰ੍ਹੇ ਦੇ ਵਿਦਿਆਰਥੀਆਂ ਨੂੰ ਪਾਸ ਹੋਣ ਦੀ ਆਗਿਆ ਦਿੱਤੀ ਜਾਵੇਗੀ ਪਰ ਉਸ ਤੋਂ ਬਾਅਦ ਇਨ੍ਹਾਂ ਸਕੂਲਾਂ 'ਚ ਦਾਖ਼ਲਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਨਿਯਮਿਤ ਵਿਦਿਆਰਥੀਆਂ ਦੇ ਤੌਰ 'ਤੇ ਪੜ੍ਹਾਈ ਕਰਨੀ ਪਵੇਗੀ।'

ਸਿੱਖਿਆ ਮੰਤਰੀ ਨੇ ਦੱਸਿਆ ਕਿ ਸੰਸਕ੍ਰਿਤ ਸਕੂਲਾਂ ਨੂੰ ਕੁਮਾਰ ਭਾਸਕਰ ਵਰਮਾ ਸੰਸਕ੍ਰਿਤ ਯੂਨੀਵਰਸਿਟੀ ਨੂੰ ਸੌਂਪ ਦਿੱਤਾ ਜਾਵੇਗਾ ਤੇ ਇਨ੍ਹਾਂ ਨੂੰ ਸਿੱਖਣ ਤੇ ਖੋਜ ਕੇਂਦਰਾਂ 'ਚ ਤਬਦੀਲ ਕੀਤਾ ਜਾਵੇਗਾ ਜਿਥੇ ਭਾਰਤੀ ਸੰਸਕ੍ਰਿਤੀ, ਸੱਭਿਅਤਾ ਤੇ ਰਾਸ਼ਟਰਵਾਦ ਦੀ ਸਿੱਖਿਆ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਕਦਮ ਅਸਾਮ ਦੇ ਸੈਕੰਡਰੀ ਐਜੂਕੇਸ਼ਨ ਬੋਰਡ (ਐੱਸਈਬੀਏ) ਤਹਿਤ ਵਿਦਿਆਰਥੀਆਂ ਦੀ ਨਿਯਮਿਤ ਸਿੱਖਿਆ ਯਕੀਨੀ ਬਣਾਉਣ ਲਈ ਉਠਾਇਆ ਗਿਆ ਹੈ।

ਮਦਰੱਸਿਆਂ ਤੇ ਸੰਸਕ੍ਰਿਤ ਸਕੂਲਾਂ ਦੀਆਂ ਪ੍ਰਰੀਖਿਆਵਾਂ ਐੱਸਈਬੀਏ ਵੱਲੋਂ ਅਲੱਗ ਤੋਂ ਕਰਵਾਈਆਂ ਜਾਂਦੀਆਂ ਹਨ ਪਰ ਮਦਰੱਸਿਆਂ ਤੇ ਸੰਸਕ੍ਰਿਤ ਸਕੂਲਾਂ ਦੇ ਵਿਦਿਆਰਥੀਆਂ ਨੂੰ ਐੱਸਈਬੀਏ ਦੀਆਂ ਬੋਰਡ ਪ੍ਰਰੀਖਿਆਵਾਂ 'ਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਦੇ ਬਰਾਬਰ ਦਰਜਾ ਪ੍ਰਰਾਪਤ ਹੈ ਜੋ ਨਿਯਮਿਤ ਵਿਦਿਆਰਥੀਆਂ ਨਾਲ ਬੇਇਨਸਾਫੀ ਹੈ।

ਜਦੋਂ ਉਨ੍ਹਾਂ ਤੋਂ ਸਵਾਲ ਕੀਤਾ ਗਿਆ ਕਿ ਕੀ ਇਹ ਕਦਮ ਅਗਲੇ ਸਾਲ ਹੋਣ ਵਾਲੀਆਂ ਸੂਬੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਉਠਾਇਆ ਗਿਆ ਹੈ ਤਾਂ ਬਿਸਵ ਸਰਮਾ ਨੇ ਕਿਹਾ, 'ਇਹ ਚੋਣ ਮੁੱਦਾ ਕਿਵੇਂ ਹੋ ਸਕਦਾ ਹੈ ਜਦਕਿ ਅਸੀਂ ਸਿਰਫ ਸਰਕਾਰੀ ਮਦਰੱਸਿਆਂ ਨੂੰ ਬੰਦ ਕਰ ਰਹੇ ਹਨ, ਨਿੱਜੀ ਮਦਰੱਸਿਆਂ ਨੂੰ ਨਹੀਂ।' ਉਨ੍ਹਾਂ ਨੇ ਦੱਸਿਆ ਕਿ ਅਸਾਮ 'ਚ 610 ਸਰਕਾਰੀ ਮਦਰਸੇ ਹਨ ਤੇ ਸੂਬਾ ਸਰਕਾਰ ਉਨ੍ਹਾਂ 'ਤੇ ਹਰੇਕ ਸਾਲ 260 ਕਰੋੜ ਰੁਪਏ ਖ਼ਰਚਦੀ ਹੈ।