ਨਵੀਂ ਦਿੱਲੀ : ਗ੍ਰਹਿ ਮੰਤਰਾਲੇ ਨੇ ਸੋਮਵਾਰ ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ 'ਚ ਸਥਿਤ ਡੇਰਾ ਬਾਬਾ ਨਾਨਕ ਲੈਂਡ ਪੋਸਟ ਨੂੰ ਇਮੀਗ੍ਰੇਸ਼ਨ ਚੈੱਕ ਪੋਸਟ ਦੇ ਤੌਰ 'ਤੇ ਨੋਟੀਫਾਈ ਕਰ ਦਿੱਤਾ। ਇੱਥੋਂ ਇਜਾਜ਼ਤ ਲੈ ਕੇ ਹੀ ਲੋਕ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਗੁਰਦੁਆਰੇ ਜਾ ਤੇ ਆ ਸਕਣਗੇ। ਇਜਾਜ਼ਤ ਲਈ ਚੈੱਕ ਪੋਸਟ 'ਤੇ ਕਾਨੂੰਨੀ ਯਾਤਰਾ ਦਸਤਾਵੇਜ਼ ਪੇਸ਼ ਕਰਨੇ ਪੈਣਗੇ।

ਕਰਤਾਰਪੁਰ ਸਾਹਿਬ ਗੁਰਦੁਆਰਾ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਨਾਰੋਵਾਲ ਜ਼ਿਲ੍ਹੇ ਦੇ ਸ਼ੱਕਰਗੜ੍ਹ 'ਚ ਸਥਿਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਨ 1522 'ਚ ਇੱਥੇ ਆਏ ਸਨ। ਉਨ੍ਹਾਂ ਜੀਵਨ ਦੇ 18 ਸਾਲ ਇੱਥੇ ਗੁਜ਼ਾਰੇ। ਉਨ੍ਹਾਂ ਦੀ ਚਰਨ ਛੋਹ ਹਾਸਲ ਇਸ ਧਰਤੀ 'ਤੇ ਬਣਿਆ ਗੁਰਦੁਆਰਾ ਕਰਤਾਰਪੁਰ ਸਾਹਿਬ ਰਾਵੀ ਦਰਿਆ ਦੇ ਕਿਨਾਰੇ ਸਥਿਤ ਹੈ, ਜਿਹੜਾ ਭਾਰਤੀ ਸਰਹੱਦ ਤੋਂ ਮੁਸ਼ਕਲ ਨਾਲ ਚਾਰ ਕਿਲੋਮੀਟਰ ਦੀ ਦੂਰੀ 'ਤੇ ਹੈ।

26 ਨਵੰਬਰ 2018 ਨੂੰ ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਨੇ ਡੇਰਾ ਬਾਬਾ ਨਾਨਕ ਕਰਤਾਰਪੁਰ ਸਾਹਿਬ ਲਾਂਘੇ ਦੀ ਨੀਂਹ ਰੱਖੀ ਸੀ। ਇਹ ਲਾਂਘਾ ਗੁਰਦਾਸਪੁਰ ਜ਼ਿਲ੍ਹੇ ਦੇ ਮਾਨ ਪਿੰਡ ਤੋਂ ਪਾਕਿਸਤਾਨ ਦੀ ਸਰਹੱਦ ਤੱਕ ਬਣ ਰਿਹਾ ਹੈ। ਦੋ ਦਿਨ ਬਾਅਦ 28 ਨਵੰਬਰ ਨੂੰ ਪਾਕਿਸਤਾਨੀ ਪ੍ਧਾਨ ਮੰਤਰੀ ਇਮਰਾਨ ਖ਼ਾਨ ਨੇ ਪਾਕਿਸਤਾਨੀ ਸਰਹੱਦ ਦੇ ਅੰਦਰ ਚਾਰ ਕਿਲੋਮੀਟਰ ਲੰਬੇ ਲਾਂਘੇ ਦੀ ਨੀਂਹ ਰੱਖੀ। ਦੋਵਾਂ ਪਾਸਿਆਂ ਤੋਂ ਲਾਂਘਾ ਇਸੇ ਸਾਲ ਪੂਰਾ ਹੋ ਕੇ ਜੁੜ ਜਾਵੇਗਾ।

ਇਸ ਤੋਂ ਬਾਅਦ ਰਸਮੀ ਆਵਾਜਾਈ ਸ਼ੁਰੂ ਹੋ ਜਾਵੇਗੀ। ਇਹ ਲਾਂਘਾ ਕਰਤਾਰਪੁਰ ਗੁਰਦੁਆਰੇ ਨੂੰ ਭਾਰਤ ਦੇ ਗੁਰਦਾਸਪੁਰ ਸਥਿਤ ਡੇਰਾ ਬਾਬਾ ਨਾਨਕ ਤੀਰਥ ਨਾਲ ਜੋੜੇਗਾ। ਇਸ ਲਾਂਘੇ ਰਾਹੀਂ ਭਾਰਤੀ ਸਿੱਖ ਯਾਤਰੀ ਬਗ਼ੈਰ ਵੀਜ਼ੇ ਦੇ ਕਰਤਾਰਪੁਰ ਸਾਹਿਬ ਜਾ ਸਕਣਗੇ। ਇਹ ਯਾਤਰਾ ਇਕ ਇਜਾਜ਼ਤ ਪੱਤਰ ਜ਼ਰੀਏ ਹੋਵੇਗੀ।