ਨਵੀਂ ਦਿੱਲੀ (ਏਐੱਨਆਈ) : ਸੰਘ ਵਿਚਾਰਕ ਕੇ ਐੱਨ ਗੋਵਿੰਦਾਚਾਰੀਆ ਨੇ ਫੇਸਬੁੱਕ, ਵ੍ਹਟਸਐਪ ਅਤੇ ਐੱਨਐੱਸਓ ਗਰੁੱਪ ਖ਼ਿਲਾਫ਼ ਐੱਫਆਈਆਰ ਦਰਜ ਕਰਨ ਅਤੇ ਐੱਨਆਈਏ ਜਾਂਚ ਦੀ ਮੰਗ ਵਾਲੀ ਆਪਣੀ ਅਰਜ਼ੀ ਵਾਪਸ ਲੈ ਲਈ ਹੈ। ਹਾਲ ਹੀ ਵਿਚ ਵ੍ਹਟਸਐਪ ਯੂਜ਼ਰਾਂ ਦੀ ਜਾਸੂਸੀ ਦਾ ਮਾਮਲਾ ਸਾਹਮਣੇ ਆਉਣ ਪਿੱਛੋਂ ਗੋਵਿੰਦਾਚਾਰੀਆ ਨੇ ਸੁਪਰੀਮ ਕੋਰਟ ਵਿਚ ਇਹ ਅਰਜ਼ੀ ਦਾਇਰ ਕੀਤੀ ਸੀ।

ਚੀਫ ਜਸਟਿਸ ਐੱਸ ਏ ਬੋਬਡੇ ਨੇ ਅਰਜ਼ੀ ਵਿਚ ਕਈ ਗ਼ਲਤੀਆਂ ਦਾ ਜ਼ਿਕਰ ਕਰਦੇ ਹੋਏ ਗੋਵਿੰਦਾਚਾਰੀਆ ਤੋਂ ਉਸ ਨੂੰ ਵਾਪਸ ਲੈਣ ਲਈ ਕਿਹਾ ਸੀ। ਫੇਸਬੁੱਕ ਮਾਲਕੀ ਦੀ ਸੋਸ਼ਲ ਮੀਡੀਆ ਪਲੇਟਫਾਰਮ ਵ੍ਹਟਸਐਪ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਭਾਰਤੀ ਪੱਤਰਕਾਰਾਂ ਅਤੇ ਮਨੁੱਖੀ ਅਧਿਕਾਰ ਵਰਕਰਾਂ ਸਮੇਤ ਦੁਨੀਆ ਭਰ ਵਿਚ ਉਸ ਦੇ ਯੂਜ਼ਰਸ ਦੀਆਂ ਅਣਪਛਾਤੀਆਂ ਇਕਾਈਆਂ ਵੱਲੋਂ ਸਪਾਈਵੇਅਰ ਪੇਗਾਸਸ ਰਾਹੀਂ ਜਾਸੂਸੀ ਕਰਵਾਈ ਗਈ।

ਇਹ ਸਾਫਟਵੇਅਰ ਇਜ਼ਰਾਈਲੀ ਕੰਪਨੀ ਐੱਨਐੱਸਓ ਨੇ ਵਿਕਸਿਤ ਕੀਤਾ ਹੈ। ਅਰਜ਼ੀ ਵਿਚ ਵ੍ਹਟਸਐਪ 'ਤੇ ਲੋਕਾਂ ਨੂੰ ਗ਼ਲਤ ਜਾਣਕਾਰੀ ਦੇਣ ਦਾ ਦੋਸ਼ ਲਗਾਇਆ ਗਿਆ ਸੀ ਕਿਉਂਕਿ ਕੰਪਨੀ ਦਾ ਦਾਅਵਾ ਸੀ ਕਿ ਉਸ ਦੇ ਯੂਜ਼ਰ ਦਾ ਡਾਟਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਵ੍ਹਟਸਐਪ ਸਮੇਤ ਕੋਈ ਦੂਜਾ ਉਸ ਦੇ ਪਲੇਟਫਾਰਮ 'ਤੇ ਮੌਜੂਦ ਸੰਦੇਸ਼ ਨੂੰ ਨਹੀਂ ਪੜ੍ਹ ਸਕਦਾ ਹੈ।