ਜੇਐਨਐਨ, ਏਐਨਆਈ, ਨਵੀਂ ਦਿੱਲੀ : ਕੇਂਦਰੀ ਸੜਕ ਪਰਿਹਵਨ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਾਏ ਗਏ ਲਾਕਡਾਊਨ ਦੌਰਾਨ ਐਮਰਜੈਂਸੀ ਸੇਵਾਵਾਂ ਦੀ ਪੂਰਤੀ ਵਿਚ ਆਉਣ ਵਾਲੀਆਂ ਦਿੱਕਤਾਂ ਨੂੰ ਦੂਰ ਕਰਨ ਲਈ ਦੇਸ਼ ਭਰ ਵਿਚ ਸਾਰੇ ਟੋਲ ਪਲਾਜ਼ਿਆਂ 'ਤੇ ਟੋਲ ਕੁਲੈਕਸ਼ਨ ਨੂੰ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਟਵੀਟ ਕਰਕੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਕਹਿਰ ਨੂੰ ਦੇਖਦੇ ਹੋਏ ਦੇਸ਼ ਦੇ ਸਾਰੇ ਟੋਲ ਪਲਾਜ਼ਿਆਂ 'ਤੇ ਟੋਲ ਕੁਲੈਕਸ਼ਨ ਨੂੰ ਅਸਥਾਈ ਰੂਪ ਵਿਚ ਮੁਲਤਵੀ ਕਰਨ ਦੇ ਆਦੇਸ਼ ਦੇ ਦਿੱਤੇ ਹਨ। ਇਸ ਹੁਕਮ ਨਾਲ ਐਮਰਜੈਂਸੀ ਸੇਵਾਵਾਂ ਦੀ ਪੂਰਤੀ ਵਿਚ ਆ ਰਹੀਆਂ ਦਿੱਕਤਾਂ ਨੂੰ ਦੂਰ ਕੀਤਾ ਜਾ ਸਕੇਗਾ।

ਕੇਂਦਰ ਸਰਕਾਰ ਨੇ ਕੋਰੋਨਾ ਲਾਕਡਾਊਨ ਕਾਰਨ ਰਾਜਮਾਰਗਾਂ 'ਤੇ ਸੀਮਤ ਆਵਾਜਾਈ, ਟੋਲ ਮੁਲਾਜ਼ਮਾਂ ਲਈ ਜੋਖ਼ਮ ਅਤੇ ਐਮਰਜੈਂਸੀ ਸੇਵਾਵਾਂ ਦੀ ਪੂਰਤੀ ਵਿਚ ਆ ਰਹੀਆਂ ਦਿੱਕਤਾਂ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਹੈ। ਕੋਰੋਨਾ ਲਾਕ ਡਾਊਨ ਕਾਰਨ ਪਿਛਲੇ ਤਿੰਨ ਦਿਨਾਂ ਵਿਚ ਰਾਸ਼ਟਰੀ ਰਾਜਮਾਰਗਾਂ 'ਤੇ ਵਾਹਨਾਂ ਦੀ ਆਵਾਜਾਈ ਲਗਪਗ ਠੱਪ ਪਈ ਹੈ। ਸਿਰਫ਼ ਜ਼ਰੂਰੀ ਚੀਜ਼ਾਂ ਦੀ ਸਪਲਾਈ ਕਰਨ ਵਾਲੇ ਵਾਹਨ ਅਤੇ ਐਂਬੂਲੈਂਸਾਂ ਹੀ ਆਉਂਦੀਆਂ ਜਾਂਦੀਆਂ ਦਿਖਾਈ ਦੇ ਰਹੀਆਂ ਹਨ। ਇਹੀ ਨਹੀਂ ਇਕਾ ਦੁਕਾ ਪ੍ਰਾਈਵੇਟ ਕਾਰਾਂ ਜਾਂ ਪੁਲਿਸ ਵਾਹਨ ਹੀ ਵਾਜਬ ਕਾਰਨਾਂ ਕਰਕੇ ਹਾਈਵੇਅ ਦੇ ਚੱਲ ਰਹੇ ਹਨ। ਅਜਿਹੇ ਵਿਚ ਸਿਰਫ਼ 20 ਫੀਸਦ ਹੀ ਟ੍ਰੈਫਿਕ ਰਹਿ ਗਿਆ ਹੈ ਅਤੇ ਦਿਨੋਂ ਦਿਨ ਘੱਟ ਰਿਹਾ ਹੈ।

ਐਨਐਚਆਈ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜ਼ਿਆਦਾਤਰ ਲੇਨ ਬੰਦ ਹਨ ਅਤੇ ਦੋਵੇਂ ਪਾਸੇ ਇਕ ਜਾਂ ਦੋ ਲੇਨ ਨਾਲ ਹੀ ਕੰਮ ਚਲਾਇਆ ਜਾ ਰਿਹਾ ਹੈ।

ਅਜਿਹੇ ਵਿਚ ਟੋਲ ਮੁਲਾਜ਼ਮਾਂ ਦੀ ਲੋੜ ਸੀਮਤ ਰਹਿ ਗਈ ਹੈ ਜੋ ਮੁਲਾਜ਼ਮ ਡਿਊਟੀ 'ਤੇ ਹਨ, ਖਾਸ ਕਰਕੇ ਹਾਈਬ੍ਰਿਡ ਲੇਨ ਵਿਚ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਸੰਕ੍ਰਮਣ ਦਾ ਖਤਰਾ ਜ਼ਿਆਦਾ ਹੈ।ਟੋਲ ਕਰਮੀਆਂ ਦੇ ਆਉਣ ਜਾਣ ਦੀਆਂ ਵੀ ਦਿੱਕਤਾਂ ਹਨ। ਨਾਲ ਹੀ ਐਮਰਜੈਂਸੀ ਸੇਵਾਵਾਂ ਦੀ ਕਮੀ ਵਿਚ ਰੁਕਾਵਟ ਆ ਰਹੀ ਹੈ। ਅਜਿਹੇ ਵਿਚ ਐਨਐਚਏਆਈ ਪ੍ਰਸ਼ਾਸਨ ਨੇ ਸਰਕਾਰ ਨੂੰ ਸਲਾਹ ਦਿੱਤੀ ਸੀ ਕਿ ਟੋਲ ਪਲਾਜ਼ਿਆਂ 'ਤੇ ਕਮਾਈ ਘੱਟਣ ਅਤੇ ਖਰਚ ਜ਼ਿਆਦਾ ਦੀ ਸਥਿਤੀ ਪੈਦਾ ਹੋਣ ਤੋਂ ਪਹਿਲਾਂ ਹੀ ਟੋਲ ਪਲਾਜ਼ੇ ਚੁੱਕ ਕੇ ਵਾਹਨਾਂ ਨੂੰ ਟੋਲ ਮੁਕਤ ਕਰਨ 'ਤੇ ਵਿਚਾਰ ਕਰ ਲੈਣਾ ਚਾਹੀਦਾ ਹੈ।

Posted By: Tejinder Thind