ਨਈ ਦੁਨੀਆ, ਨਵੀਂ ਦਿੱਲੀ : ਸਰਕਾਰ ਵੱਲੋਂ ਨਿਰਧਾਰਤ ਦੁਕਾਨਾਂ ਰਾਹੀਂ ਸਬਸਿਡੀ ਤਹਿਤ ਮਿਲਣ ਵਾਲਾ ਰਾਸ਼ਨ ਵੱਡੀ ਗਿਣਤੀ 'ਚ ਅਯੋਗ ਲੋਕਾਂ ਤਕ ਪਹੁੰਚ ਰਿਹਾ ਸੀ। ਹਾਲ ਹੀ 'ਚ ਸਰਕਾਰ ਨੇ ਇਸ ਦਾ ਖੁਲਾਸਾ ਕੀਤਾ ਹੈ। ਕੇਂਦਰੀ ਖ਼ੁਰਾਕ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਦੱਸਿਆ ਕਿ ਸਰਕਾਰ ਨੇ 3 ਕਰੋੜ ਤੋਂ ਜ਼ਿਆਦਾ ਫਰਜ਼ੀ ਰਾਸ਼ਨ ਕਾਰਡ ਰੱਦ ਕਰ ਦਿੱਤੇ ਹਨ। ਰਾਸ਼ਨ ਕਾਰਡਾਂ ਦੇ ਡਿਜੀਟਲੀਕਰਨ ਤੇ ਆਧਾਰ ਸੀਡਿੰਗ ਦੌਰਾਨ 3 ਕਰੋੜ ਰਾਸ਼ਨ ਕਾਰਡਾਂ ਦੇ ਫਰਜ਼ੀ ਹੋਣ ਦੀ ਜਾਣਕਾਰੀ ਸਾਹਮਣੇ ਆਈ, ਜਿਸ ਤੋਂ ਬਾਅਦ ਸਰਕਾਰ ਨੇ ਇਨ੍ਹਾਂ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ। ਕਾਬਿਲੇਗ਼ੌਰ ਹੈ ਕਿ ਸਰਕਾਰ ਨੇ ਲਾਕਡਾਊਨ ਮਿਆਦ ਦੌਰਾਨ ਗ਼ਰੀਬਾਂ ਲਈ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ ਅਪ੍ਰੈਲ ਤੋਂ ਜੂਨ ਤਕ ਤਿੰਨ ਮਹੀਨੇ ਲਈ ਹਰੇਕ ਰਾਸ਼ਨ ਕਾਰਡ ਧਾਰਕ ਨੂੰ ਮੁਫ਼ਤ ਇਕ ਕਿੱਲੋ ਦਾਲ ਵੰਡਣ ਦਾ ਫ਼ੈਸਲਾ ਵੀ ਲਿਆ ਸੀ।

3 ਕਰੋੜ ਰਾਸ਼ਨ ਕਾਰਡ ਰੱਦ

ਸਰਕਾਰ ਵੱਲੋਂ ਜਾਰੀ ਕੀਤੇ ਗਏ ਬਿਆਨ 'ਚ ਕਿਹਾ ਗਿਆ ਹੈ ਕਿ ਆਧਾਰ ਕਾਰਡ ਤੇ ਰਾਸ਼ਨ ਕਾਰਡ ਦੀ ਲਿੰਕਿੰਗ ਬੇਹੱਦ ਜ਼ਰੂਰੀ ਹੈ। ਇਸ ਲਈ ਇਹ ਸਾਰੇ ਕਾਰਡ ਰੱਦ ਕੀਤੇ ਗਏ ਹਨ। ਇਸ ਤੋਂ ਇਲਾਵਾ ਫਰਜ਼ੀ ਕਾਰਡ ਬਣਾ ਕੇ ਵੀ ਸਰਕਾਰ ਦੀ ਇਸ ਸਕੀਮ ਰਾਹੀਂ ਮੁਫ਼ਤ ਅਨਾਜ ਤੇ ਹੋਰ ਸਮੱਗਰੀ ਲਈ ਜਾ ਸਕਦੀ ਹੈ। ਇਸ ਕਾਰਨ ਸਰਕਾਰ ਨੇ ਸਾਰੇ ਫਰਜ਼ੀ ਰਾਸ਼ਨ ਕਾਰਡ ਰੱਦ ਕਰ ਦਿੱਤੇ ਹਨ।

80 ਕਰੋੜ ਲੋਕਾਂ ਕੋਲ ਹੈ ਰਾਸ਼ਨ ਕਾਰਡ

ਦੇਸ਼ ਵਿਚ ਇਸ ਵੇਲੇ ਲਗਪਗ 80 ਕਰੋੜ ਲੋਕਾਂ ਕੋਲ ਰਾਸ਼ਨ ਕਾਰਡ ਹਨ। ਰਾਸ਼ਨ ਕਾਰਡ ਮਜ਼ਦੂਰਾਂ, ਦਿਹਾੜੀਦਾਰਾਂ, ਕਾਮਿਆਂ, ਬਲਿਊ ਕਾਲਰ ਕਿਰਤੀਆਂ ਆਦਿ ਲਈ ਕਾਫ਼ੀ ਅਹਿਮ ਹੈ। ਅਜਿਹੇ ਵਿਚ ਕਿਸੇ ਹੋਰ ਲੋੜਵੰਦ ਦਾ ਅਨਾਜ ਫਰਜ਼ੀ ਰਾਸ਼ਨ ਕਾਰਡ ਜ਼ਰੀਏ ਕਿਸੇ ਹੋਰ ਵੱਲੋਂ ਲਿਆ ਜਾ ਰਿਹਾ ਸੀ। ਮੁੱਖ ਤੌਰ 'ਤੇ ਸਰਕਾਰ ਨੇ ਉਨ੍ਹਾਂ ਸਾਰੇ ਰਾਸ਼ਨ ਕਾਰਡਾਂ ਨੂੰ ਰੱਦ ਕੀਤਾ ਹੈ ਜਿਨ੍ਹਾਂ ਦੀ ਆਧਾਰ ਨਾਲ ਸੀਡਿੰਗ ਨਹੀਂ ਹੋ ਰਹੀ ਸੀ। ਇਸ ਨੂੰ ਦੇਖਦਿਆਂ ਸਰਕਾਰ ਨੇ ਇਹ ਵੱਡਾ ਕਦਮ ਉਠਾਇਆ ਹੈ।

ਹੁਣ ਇਹ ਕਰਨ ਅਸਲੀ ਕਾਰਡ ਧਾਰਕ

ਸਰਕਾਰ ਵੱਲੋਂ 3 ਕਰੋੜ ਰਾਸ਼ਨ ਕਾਰਡ ਆਧਾਰ ਸੀਡਿੰਗ ਨਾ ਹੋਣ ਕਾਰਨ ਰੱਦ ਕੀਤੇ ਗਏ ਹਨ। ਸੰਭਵ ਹੈ ਕਿ ਇਸ ਵਿਚ ਵੱਡੀ ਗਿਣਤੀ 'ਚ ਅਜਿਹੇ ਵੀ ਲੋਕ ਹਨ ਜਿਹੜੇ ਅਸਲੀ ਹੋਣ ਪਰ ਉਨ੍ਹਾਂ ਦੀ ਆਧਾਰ ਕਾਰਡ ਲਿੰਕਿੰਗ ਨਾ ਹੋ ਸਕੀ ਹੋਵੇ। ਅਜਿਹੇ ਲੋਕ ਹੁਣ ਖ਼ੁਰਾਕ ਸਪਲਾਈ ਵਿਭਾਗ ਜਾਣ ਤੇ ਇਸ ਦੀ ਜਾਣਕਾਰੀ ਲੈਣ। ਉੱਥੇ ਜਾ ਕੇ ਆਪਣਾ ਰਾਸ਼ਨ ਕਾਰਡ ਤੇ ਆਧਾਰ ਕਾਰਡ ਦਿਖਾਉਣ। ਇਸ ਤੋਂ ਬਾਅਦ ਆਧਾਰ ਨੰਬਰ ਨੂੰ ਰਾਸ਼ਨ ਕਾਰਡ ਨਾਲ ਲਿੰਕ ਕੀਤਾ ਜਾਵੇਗਾ ਤੇ ਨਵਾਂ ਰਾਸ਼ਨ ਕਾਰਡ ਬਣੇਗਾ, ਪੁਰਾਣਾ ਕਾਰਡ ਦੁਬਾਰਾ ਜਾਰੀ ਨਹੀਂ ਹੋਵੇਗਾ।

Posted By: Seema Anand