ਨਵੀਂ ਦਿੱਲੀ : ਰੇਲਵੇ ਵਿਚ ਨੌਕਰੀ ਲਈ ਅਰਜ਼ੀ ਦੇਣ ਵਾਲਿਆਂ ਲਈ ਚੰਗੀ ਖ਼ਬਰ ਹੈ। 15 ਦਸੰਬਰ ਤੋਂ ਲਗਪਗ 1.40 ਲੱਖ ਖ਼ਾਲੀ ਆਸਾਮੀਆਂ ਲਈ ਕੰਪਿਊਟਰ ਆਧਾਰਿਤ ਪ੍ਰੀਖਿਆ (ਸੀਬੀਟੀ) ਸ਼ੁਰੂ ਹੋਵੇਗੀ ਤੇ ਰੇਲਵੇ ਨੇ ਇਸਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਰੇਲਵੇ ਬੋਰਡ ਦੇ ਪ੍ਰਧਾਨ ਤੇ ਮੁੱਖ ਕਾਰਜਕਾਰੀ ਅਧਿਕਾਰੀ ਵਿਨੋਦ ਕੁਮਾਰ ਯਾਦਵ ਨੇ ਸਾਰੀਆਂ ਜ਼ੋਨਾਂ ਦੇ ਜਨਰਲ ਮੈਨੇਜਰਾਂ ਨੂੰ ਚਿੱਠੀ ਲਿਖ ਕੇ ਰੇਲਵੇ ਭਰਤੀ ਬੋਰਡ (ਆਰਆਰਬੀ) ਨੂੰ ਜ਼ਰੂਰੀ ਮਦਦ ਕਰਨ ਦਾ ਨਿਰਦੇਸ਼ ਦਿੱਤਾ ਹੈ ਜਿਸ ਕਾਰਨ ਪ੍ਰੀਖਿਆ ਕਰਵਾਉਣ ਵਿਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ।

ਵੱਖ-ਵੱਖ ਰੇਲਵੇ ਜ਼ੋਨਾਂ ਵਿਚ ਗ਼ੈਰ ਤਕਨੀਕੀ ਲੋਕਪ੍ਰਿਅ ਸ਼੍ਰੇਣੀ (ਐੱਨਟੀਪੀਸੀ-ਗ੍ਰੈਜੂਏਟ ਤੇ ਅੰਡਰ-ਗ੍ਰੈਜੂਏਟ) ਵਿਚ 35,208 ਅਹੁਦਿਆਂ, ਆਈਸੋਲੇਟੇਡ ਤੇ ਮਿਨਿਸਟਰੀਅਲ ਸ਼੍ਰੇਣੀ (ਸਟੈਨੋ ਆਦਿ) ਵਿਚ 1663 ਅਹੁਦਿਆਂ ਤੇ ਲੇਵਲ-1 ਜਾਂ ਗਰੁੱਪ ਡੀ (ਟਰੈਕ ਮੈਂਟੇਨਰ, ਪੁਆਇੰਟਸਮੈਨ ਆਦਿ) ਦੇ ਕੁੱਲ 1,03,769 ਅਹੁਦਿਆਂ ਦੀ ਭਰਤੀ ਲਈ 2.40 ਕਰੋੜ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਪਿਛਲੇ ਕਈ ਮਹੀਨਿਆਂ ਤੋਂ ਅਰਜ਼ੀ ਦੇਣ ਵਾਲੇ ਪ੍ਰੀਖਿਆ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਕੋਰੋਨਾ ਕਾਰਨ ਇਸ ਵਿਚ ਦੇਰੀ ਹੋ ਰਹੀ ਹੈ। ਫੇਸਬੁਕ, ਟਵਿੱਟਰ 'ਤੇ ਵੀ ਪ੍ਰੀਖਿਆ ਜਲਦੀ ਕਰਾਉਣ ਲਈ ਮੁਹਿੰਮ ਚਲਾਈ ਜਾ ਰਹੀ ਹੈ। ਕੁਝ ਦਿਨ ਪਹਿਲੇ ਰੇਲ ਮੰਤਰਾਲੇ ਨੇ 15 ਦਸੰਬਰ ਤੋਂ ਪ੍ਰੀਖਿਆ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।

Posted By: Susheel Khanna