ਨਵੀਂ ਦਿੱਲੀ : ਇਸ ਠੰਢ 'ਚ ਵਾਰ-ਵਾਰ ਬਦਲ ਰਹੇ ਮੌਸਮ ਕਾਰਨ ਲੋਕ ਹੀ ਨਹੀਂ ਬਲਕਿ ਮੌਸਮ ਮਾਹਿਰ ਵੀ ਹੈਰਾਨ ਹਨ। ਉਹ ਇਸ ਨੂੰ ਆਮ ਵੀ ਨਹੀਂ ਮੰਨ ਰਹੇ ਹਨ। ਉਨ੍ਹਾਂ ਦੀ ਨਜ਼ਰ ਵਿਚ ਇਸ ਵਾਰੀ ਦਿੱਲੀ ਦੀ ਠੰਢ ਆਸਾਧਾਰਨ ਹੈ। ਇਸ ਵਾਰੀ ਜਿੰਨੇ ਰਿਕਾਰਡ ਟੁੱਟੇ ਹਨ, ਓਨੇ ਪਹਿਲਾਂ ਕਦੀ ਨਹੀਂ ਟੁੱਟੇ। ਇਸ ਦੇ ਪਿੱਛੇ ਪੌਣ-ਪਾਣੀ ਪਰਿਵਰਤਨ ਦਾ ਅਸਰ ਵੀ ਦੱਸਿਆ ਜਾ ਰਿਹਾ ਹੈ। ਠੰਢ ਤੋਂ ਬਾਅਦ ਗਰਮੀ ਦੇ ਮੌਸਮ ਵਿਚ ਵੀ ਅਜਿਹੀ ਹੀ ਹਾਲਤ ਰਹਿ ਸਕਦੀ ਹੈ।

ਆਮ ਤੌਰ 'ਤੇ ਠੰਢ ਦਾ ਮੌਸਮ ਨਵੰਬਰ ਤੋਂ ਫਰਵਰੀ ਤਕ ਮੰਨਿਆ ਜਾਂਦਾ ਹੈ ਪਰ ਇਸ ਵਾਰੀ ਠੰਢ ਮਾਰਚ ਦੇ ਤੀਸਰੇ ਹਫ਼ਤੇ ਵੀ ਜ਼ੋਰਾਂ 'ਤੇ ਹੈ। ਕਈ ਵਾਰੀ ਤਾਂ ਅਜਿਹੇ ਹਾਲਾਤ ਵੀ ਪੈਦਾ ਹੋਏ ਜਦੋਂ ਦਿੱਲੀ ਨੂੰ ਸ਼ਿਮਲਾ ਤੋਂ ਵੀ ਠੰਢਾ ਦੱਸਿਆ ਗਿਆ। 7 ਫਰਵਰੀ ਨੂੰ ਵੱਡੇ ਪੱਧਰ 'ਤੇ ਹੋਈ ਗੜੇਮਾਰੀ ਨੇ ਤਾਂ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਕ ਮਾਰਚ ਨੂੰ 118 ਸਾਲਾਂ ਵਿਚ ਸਭ ਤੋਂ ਵੱਧ ਠੰਢ ਪੈਣ ਵਾਲੀ ਤਰੀਕ ਦੇ ਰੂਪ ਵਿਚ ਦਰਜ ਕੀਤਾ ਗਿਆ। ਇਸ ਵਾਰੀ ਪੱਛਮੀ ਗੜਬੜੀ ਵਾਲੀਆਂ ਹਵਾਵਾਂ ਵੀ ਵਾਰ-ਵਾਰ ਸਰਗਰਮ ਹੁੰਦੀਆਂ ਰਹੀਆਂ ਤਾਂ ਬਾਰਿਸ਼ ਨੇ ਵੀ ਪਿਛਲੇ ਤਮਾਮ ਰਿਕਾਰਡ ਤੋੜ ਦਿੱਤੇ, ਪਰ ਇਸ ਵਾਰੀ ਕੋਹਰਾ ਨਾ ਦੇ ਬਰਾਬਰ ਸੀ।

ਇਸ ਵਾਰੀ ਟੁੱਟੇ ਇਹ ਰਿਕਾਰਡ

  • ਦਸੰਬਰ 2018 ਪਿਛਲੇ 50 ਸਾਲਾਂ ਵਿਚ ਸਭ ਤੋਂ ਠੰਢਾ ਮਹੀਨਾ ਰਿਹਾ।
  • ਦਸੰਬਰ ਅਤੇ ਜਨਵਰੀ ਵਿਚ ਨੌਂ ਦਿਨ ਦਿੱਲੀ ਦਾ ਤਾਪਮਾਨ ਆਮ ਨਾਲੋਂ ਚਾਰ ਡਿਗਰੀ ਸੈਲਸੀਅਸ ਘੱਟ ਰਿਹਾ।

  • ਕੋਹਰੇ ਨੇ 22 ਸਾਲਾਂ ਦਾ ਰਿਕਾਰਡ ਤੋੜਿਆ। ਸੰਘਣਾ ਕੋਹਰਾ ਮਹਿਜ਼ ਨੌਂ ਘੰਟੇ ਰਿਹਾ ਜਦਕਿ ਅਮੂਮਨ ਠੰਢ ਦੌਰਾਨ ਇਹ 45 ਘੰਟੇ ਤਕ ਰਹਿੰਦਾ ਹੈ।

ਇਰ ਵਾਰੀ ਠੰਢ ਵਿਚ ਮੀਂਹ ਵੀ ਆਮ ਨਾਲੋਂ ਕਿਤੇ ਵੱਧ ਪਿਆ...

ਸਕਾਈਮੈੱਟ ਵੈਦਰ ਦੇ ਮੁੱਖ ਮੌਸਮ ਵਿਗਿਆਨੀ ਮਹੇਸ਼ ਪਲਾਵਨਤ ਅਨੁਸਾਰ, ਨਿਰਸੰਦੇਹ ਇਸ ਵਾਰੀ ਠੰਢ ਪਹਿਲਾਂ ਦੇ ਮੁਕਾਬਲੇ ਵੱਧ ਰਹੀ ਹੈ। ਮੀਂਹ ਅਤੇ ਪੱਛਮੀ ਗੜਬੜੀ ਵਾਲੀਆਂ ਪੌਣਾਂ ਦਾ ਦੌਰ ਵਾਰ-ਵਾਰ ਚੱਲਿਆ। ਜਨਵਰੀ ਵਿਚ 7, ਫਰਵਰੀ ਵਿਚ 5 ਅਤੇ ਮਾਰਚ ਵਿਚ ਹੁਣ ਤਕ ਦੋ-ਤਿੰਨ ਵਾਰ ਅਜਿਹਾ ਹੋ ਚੁੱਕਾ ਹੈ। ਕੋਹਰਾ ਵੱਧ ਨਾ ਪੈਣ ਕਾਰਨ ਇਸ ਵਾਰੀ ਕਾਂਬਾ ਛੇੜਨ ਵਾਲੀ ਠੰਢ ਦਾ ਗਾਇਬ ਰਹਿਣਾ ਵੀ ਹੈਰਾਨ ਕਰਦਾ ਹੈ। ਇਸ ਨੂੰ ਪੌਣ-ਪਾਣੀ ਪਰਿਵਰਤਨ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ।

ਸੂਬੇ ਵਿਚ ਮੌਸਮ ਦੇ ਤੇਵਰਾਂ ਵਿਚ ਫਿਲਹਾਲ ਬਹੁਤਾ ਬਦਲਾਅ ਨਹੀਂ ਆਉਣ ਵਾਲਾ। ਮੌਸਮ ਵਿਭਾਗ ਅਨੁਸਾਰ ਸ਼ੁੱਕਰਵਾਰ ਨੂੰ ਬੇਸ਼ੱਕ ਹੀ ਮੈਦਾਨਾਂ ਵਿਚ ਮੌਸਮ ਸਾਫ਼ ਰਹੇਗਾ ਪਰ ਪਹਾੜੀ ਇਲਾਕਿਆਂ ਵਿਚ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਬਣੀ ਹੋਈ ਹੈ। ਇਸੇ ਦਰਮਿਆਨ ਚਾਰ ਧਾਮ ਵਿਚ ਲਗਾਤਾਰ ਦੂਸਰੇ ਦਿਨ ਵੀ ਬਰਫ਼ਬਾਰੀ ਦਾ ਦੌਰ ਬਣਿਆ ਰਿਹਾ। ਨੈਨੀਤਾਲ ਵਿਚ ਗੜੇਮਾਰੀ ਨਾਲ ਹੀ ਤਰਾਈ ਵਿਚ ਹਨੇਰੀ ਨਾਲ ਜਨਜੀਵਨ ਪ੍ਰਭਾਵਿਤ ਹੋ ਗਿਆ।

ਸ਼ਿਮਲਾ-ਮਨਾਲੀ 'ਚ ਮੁੜ ਬਰਫ਼ਬਾਰੀ

ਬਸੰਤ ਰੁੱਤ ਸ਼ੁਰੂ ਹੋ ਗਈ ਹੈ ਪਰ ਮੀਂਹ ਅਤੇ ਬਰਫ਼ਬਾਰੀ ਪਿੱਛਾ ਨਹੀਂ ਛੱਡ ਰਹੇ। ਵੀਰਵਾਰ ਨੂੰ ਹਿਲਜ਼ ਕੁਈਨ ਸ਼ਿਮਲਾ ਅਤੇ ਸੈਰ-ਸਪਾਟਾ ਨਗਰੀ ਮਨਾਲੀ ਵਿਚ ਸ਼ਾਮ ਨੂੰ ਮੁੜ ਬਰਫ਼ਬਾਰੀ ਹੋਈ। ਇਸ ਤੋਂ ਇਲਾਵਾ ਚੰਬਾ ਜ਼ਿਲ੍ਹੇ ਦੇ ਪਾਂਗੀ, ਭਰਮੌਰ, ਡਲਹੌਜ਼ੀ ਅਤੇ ਕਿੰਨੌਰ ਦੇ ਕਲਪਾ ਅਤੇ ਲਾਹੌਲ-ਸਪੀਤੀ ਜ਼ਿਲ੍ਹੇ ਦੇ ਕੇਲੰਗ, ਸ਼ਿਮਲਾ ਜ਼ਿਲ੍ਹੇ ਦੇ ਕੁਫਰੀ ਅਤੇ ਨਾਰਕੰਡਾ ਵਿਚ ਵੀ ਬਰਫ਼ਬਾਰੀ ਹੋਈ ਹੈ। ਭਰਮੌਰ ਅਤੇ ਡਲਹੌਜ਼ੀ ਵਿਚ ਮਾਰਚ ਵਿਚ 7 ਸਾਲ ਬਾਅਦ ਬਰਫ਼ਬਾਰੀ ਹੋਈ ਹੈ।

Posted By: Seema Anand