ਨਵੀਂ ਦਿੱਲੀ : ਵਰਲਡ ਕਲਾਸ ਤਕਨੀਕੀ ਤੇ ਸਹੂਲਤਾਂ ਦੇਣ ਦਾ ਦਾਅਵਾ ਕਰਨ ਵਾਲੀ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦੀਆਂ ਟਰੇਨਾਂ 'ਚ ਤਕਨੀਕੀ ਖਰਾਬੀ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਸਵੇਰੇ ਦਿੱਲੀ ਮੈਟਰੋ ਦੇ ਕਈ ਰੂਟਾਂ 'ਤੇ ਤਕਨੀਕੀ ਖਰਾਬੀ ਆਈ ਹੈ, ਜਿਸ ਨਾਲ ਹਜ਼ਾਰਾਂ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ।


ਪੀਕ ਓਵਰ ਦੇ ਕਈ ਰੂਟਾਂ 'ਚ ਟਰੇਨਾਂ ਦੀ ਰਫਤਾਰ ਮੱਧਮ ਹੈ ਤਾਂ ਕਈ ਟਰੇਨਾਂ ਪੂਰੀ ਤਰ੍ਹਾਂ ਬੰਦ ਖੜ੍ਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਛੱਤਪੁਰ ਤੋਂ ਕੁਤੁਬ ਮੀਨਾਰ ਵਿਚਕਾਰ ਡੇਢ ਘੰਟੇ ਤੋਂ ਜ਼ਿਆਦਾ ਸਮੇਂ ਤਕ ਟਰੇਨ ਉਥੇ ਹੀ ਖੜ੍ਹੀ ਰਹੀ। ਇਸ ਤੋਂ ਬਾਅਦ ਟਰੇਨ 'ਚ ਕੁਝ ਲੋਕਾਂ ਦੀ ਹਾਲਤ ਖਰਾਬ ਹੋਣ 'ਤੇ ਸਾਰੇ ਗੇਟ ਖੋਲ੍ਹ ਦਿੱਤੇ ਗਏ। ਇਹ ਨਜ਼ਾਰਾ ਕਾਫੀ ਸਮੇਂ ਬਾਅਦ ਦੇਖਣ ਨੂੰ ਮਿਲਿਆ ਹੈ, ਜਦੋਂ ਟਰੇਨ ਯਾਤਰੀ ਪੈਦਲ ਚੱਲ ਕੇ ਦਫਤਰ ਜਾਂ ਹੋਰ ਕਿਸੇ ਕੰਮ 'ਤੇ ਜਾਣ ਲਈ ਮਜਬੂਰ ਹੋਣ। ਦਿੱਲੀ ਮੈਟਰੋ ਟਰੇਨ ਦੀ ਅਧਿਕਾਰਿਤ ਜਾਣਕਾਰੀ ਅਨੁਸਾਰ ਛੱਤਪੁਰ 'ਚ ਤਕਨੀਕੀ ਖਰਾਬੀ ਕਾਰਨ ਸੁਲਤਾਨਪੁਰ ਤੇ ਕੁਤੁਬਮੀਨਾਰ ਵਿਚਕਾਰ ਟਰੇਨਾਂ ਨਹੀਂ ਚੱਲ ਰਹੀਆਂ ਹਨ, ਜਿਸ ਕਾਰਨ ਹਜ਼ਾਰਾਂ ਦੀ ਗਿਣਤੀ 'ਚ ਯਾਤਰੀ ਪਰੇਸ਼ਾਨ ਹਨ। ਇਸ ਰੂਟ 'ਤੇ ਟਰੇਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ।


ਉਥੇ ਹੀ ਮੰਗਲਵਾਰ ਸਵੇਰੇ ਮਜੇਂਟਾ ਲਾਈਨ ਰੂਟ ਦੇ ਅਧੀਨ ਬਾਟਨਿਕਲ ਗਾਰਡਨ ਮੈਟਰੋ ਸਟੇਸ਼ਨ 'ਤੇ ਤਕਨੀਕੀ ਖਰਾਬੀ ਕਾਰਨ ਸਿਰਫ ਇਕ ਗੇਟ ਖੋਲ੍ਹਿਆ ਗਿਆ, ਜਦਕਿ ਬਾਕੀ ਗੇਟ ਬੰਦ ਕਰ ਦਿੱਤੇ ਗਏ। ਇਸ ਨਾਲ ਮੰਗਲਵਾਰ ਸਵੇਰੇ ਪੀਕ ਓਵਰ 'ਚ ਨੋਇਡਾ ਤੇ ਗਾਜ਼ੀਆਬਾਦ ਤੋਂ ਦਿੱਲੀ ਜਾ ਰਹੇ ਯਾਤਰੀਆਂ ਨੂੰ ਦਿੱਕਤ ਪੇਸ਼ ਆਈ। ਇਥੇ ਦੱਸ ਦਈਏ ਕਿ ਪਿਛਲੇ ਚਾਰ ਦਿਨਾਂ 'ਚ ਮਜੇਂਟਾ ਲਾਈਨ ਰੂਟ ਦੂਸਰੀ ਬਾਰ ਅਜਿਹਾ ਹੋਇਆ ਹੈ, ਜਦੋਂ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੋਵੇ।

Posted By: Jaskamal