ਸਟਾਫ ਰਿਪੋਰਟਰ, ਜੰਮੂ : ਪਲੇਅਰ ਅੰਡਰ ਬੈਟਲ ਗਰਾਊਂਡ (ਪੱਬਜੀ) ਗੇਮ ਨੇ ਹੁਣ ਜੰਮੂ ਦੀ ਇਕ ਵਿਦਿਆਰਥਣ ਨੂੰ ਮਾਨਸਿਕ ਰੋਗੀ ਬਣਾ ਦਿੱਤਾ ਹੈ। ਦੋ ਦਿਨ ਪਹਿਲਾਂ ਇਕ ਫਿਟਨੈੱਸ ਟ੍ਰੇਨਰ ਨੂੰ ਬਿਮਾਰ ਕਰਨ ਦੇ ਬਾਅਦ ਇਸ ਗੇਮ ਦੀ ਲਪੇਟ 'ਚ ਹੁਣ ਇਕ ਕਾਲਜ ਵਿਦਿਆਰਥਣ ਆਈ ਹੈ। ਵਿਦਿਆਰਥਣ ਦੇ ਪਰਿਵਾਰਕ ਮੈਂਬਰਾਂ ਨੇ ਵਿਦਿਆਰਥਣ ਨੂੰ ਇਲਾਜ ਲਈ ਗਾਂਧੀ ਨਗਰ ਹਸਪਤਾਲ 'ਚ ਦਾਖਲ ਕਰਾਇਆ ਹੈ।

20 ਸਾਲਾ ਵਿਦਿਆਰਥਣ ਪਿਛਲੇ ਕੁਝ ਦਿਨਾਂ ਤੋਂ ਪੱਬਜੀ ਗੇਮ ਖੇਡ ਰਹੀ ਸੀ। ਉਸ ਨੂੰ ਜਦੋਂ ਪਰਿਵਾਰਕ ਮੈਂਬਰਾਂ ਨੇ ਮਾਨਸਿਕ ਤੌਰ 'ਤੇ ਪਰੇਸ਼ਾਨ ਦੇਖਿਆ ਤਾਂ ਉਹ ਤੁਰੰਤ ਉਸ ਨੂੰ ਲੈ ਕੇ ਗਾਂਧੀ ਨਗਰ ਹਸਪਤਾਲ ਪਹੁੰਚੇ। ਮਾਨਸਿਕ ਰੋਗ ਮਾਹਿਰ ਡਾਕਟਰਾਂ ਨੇ ਉਸ ਦੀ ਜਾਂਚ ਕੀਤੀ। ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥਣ ਕੁਝ ਦਿਨ ਤੋਂ ਲਗਾਤਾਰ ਪੱਬਜੀ ਖੇਡ ਰਹੀ ਸੀ ਅਤੇ ਉਹ ਘੰਟਿਆਂ ਤਕ ਉਸੇ 'ਚ ਲੱਗੀ ਰਹਿੰਦੀ ਸੀ। ਹੁਣ ਡਾਕਟਰ ਵੀ ਇਸ ਗੇਮ ਤੋਂ ਬਚਣ ਦੀ ਸਲਾਹ ਦੇ ਰਹੇ ਹਨ।

ਸੌਂ ਵੀ ਨਹੀਂ ਪਾਉਂਦੇ ਆਦੀ ਹੋ ਗਏ ਨੌਜਵਾਨ

ਮਾਨਸਿਕ ਰੋਗ ਮਾਹਿਰ ਡਾ. ਜਗਦੀਸ਼ ਥਾਪਾ ਦਾ ਕਹਿਣਾ ਹੈ ਕਿ ਮੋਬਾਈਲ ਇੰਟਰਨੈੱਟ ਗੇਮ ਨੂੰ ਖੇਡਣ ਵਾਲੇ ਜ਼ਿਆਦਾਤਰ ਨੌਜਵਾਨ ਹੀ ਹੁੰਦੇ ਹਨ। ਇਹ ਗੇਮ 'ਚ ਪੂਰੀ ਤਰ੍ਹਾਂ ਗੁਮ ਹੋ ਜਾਂਦੇ ਹਨ। ਦਿਮਾਗ਼ ਦਾ ਲਗਾਤਾਰ ਇਸਤੇਮਾਲ ਮਾਨਸਿਕ ਰੂਪ ਨਾਲ ਥਕਾ ਦਿੰਦਾ ਹੈ ਅਤੇ ਕਈ ਵਾਰੀ ਦਿਮਾਗ਼ ਕੰਮ ਕਰਨਾ ਵੀ ਬੰਦ ਕਰ ਦਿੰਦਾ ਹੈ। ਇੰਟਰਨੱੈਟ ਵੀ ਨਸ਼ੇ ਵਾਂਗ ਹੈ। ਇਸ ਦਾ ਆਦੀ ਹੋ ਚੁੱਕਾ ਵਿਅਕਤੀ ਕਈ ਵਾਰੀ ਸੌਂ ਵੀ ਨਹੀਂ ਪਾਉਂਦਾ ਜੋ ਉਸ ਨੂੰ ਮਾਨਸਿਕ ਰੋਗੀ ਬਣਾ ਦਿੰਦਾ ਹੈ।

ਬੱਚੇ ਨੂੰ ਮੋਬਾਈਲ ਤੋਂ ਦੂਰ ਰੱਖਣ ਦੀ ਲੋੜ

ਡਾ. ਜਗਦੀਸ਼ ਥਾਪਾ ਦਾ ਕਹਿਣਾ ਹੈ ਕਿ ਪੰਜ ਸਾਲ ਦੇ ਬੱਚੇ ਵੀ ਅੱਜ ਘੰਟਿਆਂ ਤਕ ਮੋਬਾਈਲ ਫੋਨ 'ਤੇ ਗੇਮ ਖੇਡਦੇ ਹਨ ਅਤੇ ਫੋਨ ਨਾ ਮਿਲਣ 'ਤੇ ਉਹ ਗੁੱਸੇ ਵਿਚ ਆ ਜਾਂਦੇ ਹਨ। ਇਸ ਲਈ ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਫੋਨ ਘੱਟ ਤੋਂ ਘੱਟ ਇਸਤੇਮਾਲ ਕਰਨ ਦੇਣ।