ਜੇਐੱਨਐੱਨ, ਮੁੰਬਈ : ਮਹਾਰਾਸ਼ਟਰ ਦੇ ਮੁੰਬਈ 'ਚ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਲੜਕੀ ਦੀ ਗੀਜ਼ਰ ਦੀ ਵਜ੍ਹਾ ਨਾਲ ਮੌਤ ਹੋ ਗਈ ਹੈ। ਅਸਲ ਵਿਚ ਨਹਾਉਣ ਦੌਰਾਨ ਗੀਜ਼ਰ 'ਚੋਂ ਨਿਕਲੀ ਕਾਰਬਨ ਮੋਨੋ-ਆਕਸਾਈਡ (Carbon Monoxide) ਗੈਸ ਦਾ ਰਿਸਾਅ ਹੋਣ ਕਾਰਨ 15 ਸਾਲ ਦੀ ਨਾਬਾਲਗ ਦੀ ਜਾਨ ਚਲੀ ਗਈ ਹੈ। ਇਹ ਦਰਦਨਾਕ ਹਾਦਸਾ ਮੁੰਬਈ ਦੇ ਬੋਰੀਵਲੀ ਇਲਾਕੇ 'ਚ ਘਟਿਆ। ਸਾਹਮਣੇ ਆਈ ਜਾਣਕਾਰੀ ਅਨੁਸਾਰ ਗੀਜ਼ਰ 'ਚੋਂ ਜ਼ਹਿਰੀਲੀ ਕਾਰਬਨ ਮੋਨੋ-ਆਕਸਾਈਡ ਗੈਸ ਦੇ ਰਿਸਾਅ ਕਾਰਨ ਬਾਥਰੂਮ 'ਚ ਆਕਸੀਜ਼ਨ ਦਾ ਪੱਧਰ (Oxygen Level) ਕਾਫ਼ੀ ਘੱਟ ਗਿਆ ਸੀ। ਇਸ ਕਾਰਨ ਇਹ ਹਾਦਸਾ ਹੋਇਆ। ਘਟਨਾ ਬੀਤੀ 5 ਜਨਵਰੀ ਦੀ ਹੈ, ਬੋਰੀਵਲੀ ਵੈਸਟ ਇਲਾਕੇ 'ਚ ਰਹਿਣ ਵਾਲੀ ਧਰੂਵੀ ਗੋਹਿਲ ਨਾਲ ਇਹ ਹਾਦਸਾ ਹੋਇਆ।

ਧਰੁਵੀ ਦਾ ਇਲਾਜ ਕਰਨ ਵਾਲੇ ਡਾਕਟਰ ਵਿਵੇਕ ਚੌਰੱਸੀਆ ਦਾ ਕਹਿਣਾ ਹੈ ਕਿ ਮੌਤ ਕਾਰਬਨ ਮੋਨੋ-ਆਕਸਾਈਡ ਦੀ ਵਜ੍ਹਾ ਨਾਲ ਹੋਈ। ਉਹ ਕਹਿੰਦੇ ਹਨ 'ਜਦੋਂ ਧਰੁਵੀ ਦੇ ਪਰਿਵਾਰਕ ਮੈਂਬਰਾਂ ਨੇ ਦੇਖਿਆ ਕਿ ਉਹ ਨਹਾਉਣ 'ਚ ਜ਼ਿਆਦਾ ਵਕਤ ਲਗਾ ਰਹੀ ਹੈ ਤਾਂ ਉਨ੍ਹਾਂ ਦਰਵਾਜ਼ਾ ਖੜਕਾਇਆ। ਕੋਈ ਜਵਾਬ ਨਾ ਮਿਲਣ 'ਤੇ ਉਨ੍ਹਾਂ ਦਰਵਾਜ਼ਾ ਤੋੜ ਦਿੱਤਾ ਤਾਂ ਦੇਖਿਆ ਕਿ ਧਰੂਵੀ ਅਚੇਤ ਅਵਸਥਾ 'ਚ ਹੇਠਾਂ ਪਈ ਹੈ। ਗਰਮ ਪਾਣੀ ਕਾਰਨ ਉਸ ਦੇ ਸਿੱਧੇ ਹੱਥ ਦਾ ਸਰੀਰ ਝੁਲਸ ਗਿਆ ਸੀ।'

ਉਨ੍ਹਾਂ ਦੱਸਿਆ, 'ਬਾਥਰੂਮ ਗੀਜ਼ਰ 'ਚੋਂ ਨਿਕਲੀ ਕਾਰਬਨ ਮੋਨੋ-ਆਕਸਾਈਡ ਗੈਸ ਕਾਰਨ ਧਰੁਵੀ ਅਚੇਤ ਹੋ ਗਈ ਸੀ। ਬਾਥਰੂਮ 'ਚ ਆਕਸੀਜਨ ਦੀ ਘਾਟ ਕਾਰਨ ਉਸ ਦੇ ਦਿਮਾਗ਼ 'ਤੇ ਅਸਰ ਪਿਆ ਤੇ ਇਸ ਦੀ ਮੌਤ ਹੋ ਗਈ।' ਦੱਸ ਦੇਈਏ ਕਿ ਹਸਪਤਾਲ 'ਚ ਭਰਤੀ ਕੀਤੀ ਗਈ ਧਰੁਵੀ ਨੂੰ ਵੈਂਟੀਲੇਟਰ ਸਪੋਰਟ 'ਤੇ ਰੱਖਿਆ ਗਿਆ ਸੀ। 10 ਜਨਵਰੀ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

Posted By: Seema Anand