ਜੇਐੱਨਐੱਨ, ਨਵੀਂ ਦਿੱਲੀ : Geeta Arora alias Sonu Punjaban : ਨਾਬਾਲਗਾਂ ਨੂੰ ਅਗਵਾ ਕਰ ਕੇ ਉਨ੍ਹਾਂ ਤੋਂ ਦੇਹ ਵਪਾਰ ਕਰਵਾਉਣ ਦੇ ਮਾਮਲੇ 'ਚ ਹਾਲ ਹੀ 'ਚ ਦਿੱਲੀ ਦੀ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੀ ਗਈ ਸੋਨੂੰ ਪੰਜਾਬਣ ਫਿਲਹਾਲ ਦੀਨ ਦਿਆਲ ਉਪਾਧਿਆਏ ਹਸਪਤਾਲ 'ਚ ਦਾਖ਼ਲ ਹੈ। ਦੋਸ਼ ਹੈ ਕਿ ਤਿਹਾੜ ਜੇਲ੍ਹ 'ਚ ਬੰਦ ਸੋਨੂੰ ਪੰਜਾਬਣ ਨੇ ਕਿਸੇ ਦਵਾਈ ਦਾ ਜ਼ਿਆਦਾ ਸੇਵਨ ਕਰ ਲਿਆ ਸੀ, ਜਿਸ ਕਾਰਨ ਉਸ ਦੀ ਹਾਲਤ ਖ਼ਰਾਬ ਹੋ ਗਈ। ਇਹਤਿਆਤ ਵਜੋਂ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਉਸ ਨੂੰ ਡੀਡੀਯੂ ਹਸਪਤਾਲ 'ਚ ਦਾਖ਼ਲ ਕਰਵਾਇਆ ਹੈ ਜਿੱਥੇ ਇਲਾਜ ਦੌਰਾਨ ਉਸ ਦੀ ਹਾਲਤ ਠੀਕ ਹੈ।

ਕਾਬਿਲੇਗ਼ੌਰ ਹੈ ਕਿ ਦਿੱਲੀ ਦੀ ਅਦਾਲਤ ਨੇ ਬੀਤੇ ਦਿਨੀਂ ਗੀਤਾ ਅਰੋੜਾ ਉਰਫ਼ ਸੋਨੂੰ ਪੰਜਾਬਣ ਤੇ ਉਸ ਦੇ ਸਾਥੀ ਸੰਦੀਪ ਨੂੰ ਨਾਬਾਲਗਾਂ ਤੋਂ ਦੇਹ ਵਪਾਰ ਕਰਵਾਉਣ ਲਈ ਦੋਸ਼ੀ ਕਰਾਰ ਦਿੱਤਾ ਹੈ। ਅਗਲੀ ਸੁਣਵਾਈ 'ਚ ਸੋਨੂੰ ਪੰਜਾਬਣ ਦੀ ਸਜ਼ਾ ਦਾ ਐਲਾਨ ਕੀਤਾ ਜਾਵੇਗਾ।

ਦੋਸ਼ ਹੈ ਕਿ ਸੋਨੂੰ ਤੇ ਉਸ ਦੇ ਸਾਥੀ ਸੰਦੀਪ ਨੇ ਨਾਬਾਲਗਾਂ ਨੂੰ ਅਗਵਾ ਕੀਤਾ ਫਿਰ ਕੈਦ 'ਚ ਰੱਖਿਆ ਤੇ ਮਨੁੱਖੀ ਤਸਕਰੀ ਵੀ ਕਰਵਾਈ। ਦੋਸ਼ ਹੈ ਕਿ ਨਜ਼ਫਗੜ੍ਹ ਦੇ ਰਹਿਣ ਵਾਲੇ ਇਕ ਪਰਿਵਾਰ ਨੇ ਸੋਨੂੰ ਪੰਜਾਬਣ 'ਤੇ ਉਨ੍ਹਾਂ ਦੀ 16 ਸਾਲਾ ਧੀ ਨੂੰ ਅਗਵਾ ਕਰ ਕੇ ਉਸ ਨੂੰ ਦੇਹ ਵਪਾਰ ਲਈ ਮਜਬੂਰ ਕਰਨ ਦਾ ਦੋਸ਼ ਲਗਾਇਆ ਸੀ। ਇਸ ਤੋਂ ਬਾਅਦ ਜਾਂਚ ਦੌਰਾਨ ਦਿੱਲੀ ਪੁਲਿਸ ਨੇ ਸਾਲ 2014 'ਚ ਸੋਨੂੰ ਪੰਜਾਬਣ ਉਰਫ਼ ਗੀਤਾ ਅਰੋੜਾ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

Posted By: Seema Anand