ਨਵੀਂ ਦਿੱਲੀ (ਏਜੰਸੀ) : ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਰਹੇ ਜੀਸੀ ਮੁਰਮੂ ਦੇਸ਼ ਦੇ ਨਵੇਂ ਕੰਪਟਰੋਲਰ ਐਂਡ ਆਡੀਟਰ ਜਨਰਲ (ਕੈਗ) ਹੋਣਗੇ। ਉਹ ਰਾਜੀਵ ਮਹਾਰਿਸ਼ੀ ਦੀ ਥਾਂ ਲੈਣਗੇ। ਮੁਰਮੂ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਪਹਿਲੇ ਉਪ ਰਾਜਪਾਲ ਬਣਾਏ ਗਏ ਸਨ। ਉਹ ਇਸ ਅਹੁਦੇ 'ਤੇ ਇਕ ਸਾਲ ਰਹੇ। 1985 ਬੈਚ ਦੇ ਗੁਜਰਾਤ ਕੇਡਰ ਦੇ ਆਈਏਐੱਸ ਅਧਿਕਾਰੀ ਮੁਰਮੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪਹਿਲਾਂ ਵੀ ਕੰਮ ਕਰ ਚੁੱਕੇ ਹਨ। ਉਸ ਸਮੇਂ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ। ਉਨ੍ਹਾਂ ਨੇ ਜਿਸ ਸਮੇਂ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਵਜੋਂ ਅਸਤੀਫ਼ਾ ਦਿੱਤਾ ਸੀ ਤਾਂ ਉਸ ਸਮੇਂ ਇਹ ਨਿਸ਼ਚਿਤ ਨਹੀਂ ਸੀ ਕਿ ਇਹ ਸੰਵੇਦਨਸ਼ੀਲ ਜ਼ਿੰਮੇਵਾਰੀ ਕਿਸ ਨੂੰ ਸੌਂਪੀ ਜਾਵੇਗੀ। ਹਾਲਾਂਕਿ ਉਨ੍ਹਾਂ ਦੇ ਅਸਤੀਫ਼ੇ ਤੋਂ ਇਕ ਦਿਨ ਬਾਅਦ ਹੀ ਮਨੋਜ ਸਿਨਹਾ ਨੂੰ ਜੰਮੂ-ਕਸ਼ਮੀਰ ਦਾ ਉਪ ਰਾਜਪਾਲ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਮੁਰਮੂ ਨੂੰ ਵੀ ਕੈਗ ਦੇ ਰੂਪ 'ਚ ਨਵੀਂ ਜ਼ਿੰਮੇਵਾਰੀ ਦੇ ਦਿੱਤੀ ਗਈ।