ਐਂਟਰਟੇਨਮੈਂਟ ਬਿਊਰੋ, ਮੁੰਬਈ : 'ਕੌਣ ਬਣੇਗਾ ਕਰੋੜਪਤੀ 11' ਦੇ ਤੀਜੇ ਕਰੋੜਪਤੀ ਬਣੇ ਹਨ ਗੌਤਮ ਕੁਮਾਰ ਝਾਅ। ਬਿਹਾਰ ਦੇ ਮਧੂਬਨੀ ਜ਼ਿਲ੍ਹਾ ਵਾਸੀ ਗੌਤਮ ਭਾਰਤੀ ਰੇਲਵੇ 'ਚ ਸੀਨੀਅਰ ਸੈਕਸ਼ਨ ਇੰਜੀਨੀਅਰ ਹਨ। ਉਹ ਪੱਛਮੀ ਬੰਗਾਲ 'ਚ ਕੰਮ ਕਰਦੇ ਹਨ। ਸਾਢੇ ਤਿੰਨ ਸਾਲ ਤੋਂ ਉਹ ਉੱਥੇ ਰਹਿੰਦੇ ਹਨ। ਇਸ ਤੋਂ ਪਹਿਲਾਂ ਬਿਹਾਰ ਦੇ ਸਨੋਜ ਰਾਜ ਤੇ ਮਹਾਰਾਸ਼ਟਰ ਦੀ ਬਬੀਤਾ ਤਾੜੇ ਨੇ ਇਕ ਕਰੋੜ ਦੀ ਰਕਮ ਜਿੱਤੀ ਹੈ। ਇਕ ਕਰੋੜ ਜਿੱਤਣ ਵਾਲੇ ਉਹ ਬਿਹਾਰ ਦੇ ਦੂਜੇ ਮੁਕਾਬਲੇਬਾਜ਼ ਹਨ। ਗੌਤਮ ਨੇ ਕਿਹਾ, 'ਬਿਹਾਰ ਪ੍ਰਤਿਭਾ ਦੀ ਖਾਨ ਹੈ। ਬਿਹਾਰ ਦੇ ਲੋਕ ਦੇਸ਼ ਦੀ ਤਰੱਕੀ 'ਚ ਆਪਣਾ ਯੋਗਦਾਨ ਦੇ ਰਹੇ ਹਨ। ਅਸੀਂ ਲੋਕ ਸਰਕਾਰੀ ਨੌਕਰੀ ਦੀ ਤਿਆਰੀ ਲਈ ਜ਼ਿਆਦਾ ਅੱਗੇ ਵਧਦੇ ਹਾਂ। ਜਨਰਲ ਸਟਡੀਜ਼ ਤੇ ਜਨਰਲ ਨਾਲੇਜ 'ਚ ਪਕੜ ਜ਼ਰੂਰੀ ਹੈ। ਪੜ੍ਹਾਈ ਵੱਲ ਉਨ੍ਹਾਂ ਦਾ ਧਿਆਨ ਜ਼ਿਆਦਾ ਰਹਿੰਦਾ ਹੈ।

ਕੇਬੀਸੀ 'ਚ ਗੌਤਮ ਨੇ ਆਪਣੀ ਪਤਨੀ ਸ਼ਵੇਤਾ ਦੇ ਕਹਿਣ 'ਤੇ ਹਿੱਸਾ ਲਿਆ। ਉਹ ਦੱਸਦੇ ਹਨ ਕਿ ਉਨ੍ਹਾਂ ਲੱਗਦਾ ਸੀ ਕਿ ਕੇਬੀਸੀ 'ਚ ਉਨ੍ਹਾਂ ਦੀ ਕਿਸਮਤ ਸਾਥ ਨਹੀਂ ਦੇਵੇਗੀ। ਬਕੌਲ ਗੌਤਮ, 'ਮੇਰੀ ਪਤਨੀ ਨੇ ਕਿਹਾ ਕਿ ਕੋਸ਼ਿਸ਼ ਤਾਂ ਕਰੋ। ਪਿਛਲੇ ਸਾਲ ਵੀ ਉਨ੍ਹਾਂ ਨੇ ਕੇਬੀਸੀ 'ਚ ਹਿੱਸਾ ਲੈਣ ਦੇ ਬਾਰੇ ਕਿਹਾ ਸੀ। ਉਨ੍ਹਾਂ ਦੀਆਂ ਗੱਲਾਂ ਹਮੇਸ਼ਾ ਮੇਰੇ ਲਈ ਸਹੀ ਸਾਬਤ ਹੋਈਆਂ ਹਨ। ਜਿੱਤ ਦਾ ਸਾਰਾ ਸਿਹਰਾ ਮੇਰੀ ਪਤਨੀ ਨੂੰ ਜਾਂਦਾ ਹੈ।

ਅਮਿਤਾਭ ਬੱਚਨ ਦੇ ਸਾਹਮਣੇ ਬੈਠਣਾ ਗੌਤਮ ਲਈ ਸੁਪਨਾ ਸੱਚ ਹੋਣ ਵਰਗਾ ਸੀ। ਉਹ ਕਹਿੰਦੇ ਹਨ ਕਿ ਪਹਿਲਾਂ ਉਹ ਉਨ੍ਹਾਂ ਦੇ ਫੈਨ ਸਨ, ਹੁਣ ਮੁਰੀਦ ਹੋ ਗਏ ਹਨ। ਗੌਤਮ ਦਾ ਕਹਿਣਾ ਹੈ ਕਿ ਕੇਬੀਸੀ ਦਾ ਹਰ ਸਟੇਜ ਪਾਰ ਕਰਨਾ ਬਹੁਤ ਮੁਸ਼ਕਲ ਹੈ। ਕਰੋੜਾਂ ਲੋਕਾਂ ਨੂੰ ਪਿੱਛੇ ਛੱਡ ਕੇ ਤੁਸੀਂ ਹੌਟ ਸੀਟ ਤਕ ਪਹੁੰਚਦੇ ਹੋ। ਆਸਾਨ ਚੀਜ਼ਾਂ ਕਈ ਵਾਰੀ ਦਬਾਅ 'ਚ ਮੁਸ਼ਕਲ ਲੱਗਣ ਲੱਗਦੀਆਂ ਹਨ। ਬੱਚਨ ਸਰ ਗੱਲਬਾਤ ਕਰ ਕੇ ਆਰਾਮ ਮਹਿਸੂਸ ਕਰਾਉਂਦੇ ਹਨ। ਮੁਸ਼ਕਲ ਸਵਾਲਾਂ ਦੌਰਾਨ ਉਹ ਹੌਸਲਾ ਵਧਾਉਂਦੇ ਹਨ। ਬ੍ਰੇਕ ਦੌਰਾਨ ਵੀ ਉਹ ਕਹਿੰਦੇ ਰਹਿੰਦੇ ਹਨ ਕਿ ਜ਼ਿੰਦਗੀ 'ਚ ਤੁਹਾਨੂੰ ਇਕ ਵਾਰੀ ਇਹ ਮੌਕਾ ਮਿਲਦਾ ਹੈ। ਸੰਭਲ ਕੇ ਖੇਡਣਾ, ਘਬਰਾਉਣਾ ਨਹੀਂ। ਬੱਚਨ ਸਰ ਚਾਹੁੰਦੇ ਹਨ ਕਿ ਜਿਹੜਾ ਵੀ ਮੁਕਾਬਲੇਬਾਜ਼ ਇੱਥੇ ਆਏ, ਉਹ ਇਕ ਚੰਗੀ ਰਕਮ ਜਿੱਤ ਕੇ ਜਾਵੇ।

ਜਿੱਤੀ ਹੋਈ ਰਕਮ ਨਾਲ ਗੌਤਮ ਪਟਨਾ 'ਚ ਆਪਣਾ ਘਰ ਲੈਣਾ ਚਾਹੁੰਦੇ ਹਨ। ਉਹ ਰੇਲਵੇ ਕੁਆਰਟਰ 'ਚ ਰਹਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹਰ ਬਿਹਾਰੀ ਦਾ ਇਕ ਸੁਪਨਾ ਹੁੰਦਾ ਹੈ ਕਿ ਉਹ ਬਿਹਾਰ ਦੀ ਰਾਜਧਾਨੀ ਪਟਨਾ 'ਚ ਇਕ ਘਰ ਲੈ ਸਕੇ। ਬਾਕੀ ਰਕਮ ਗੌਤਮ ਦੀ ਪਤਨੀ ਉਨ੍ਹਾਂ ਦੇ ਪਿੰਡ ਦੀਆਂ ਆਰਥਿਕ ਤੌਰ 'ਤੇ ਕਮਜ਼ੋਰ ਲੜਕੀਆਂ ਦੀ ਸਿੱਖਿਆ ਤੇ ਵਿਆਹ 'ਚ ਲਗਾਉਣਾ ਚਾਹੁੰਦੀ ਹੈ। ਗੌਤਮ ਦੱਸਦੇ ਹਨ ਕਿ ਉਨ੍ਹਾਂ ਦੇ ਮਾਤਾ-ਪਿਤਾ ਪਿੰਡ 'ਚ ਰਹਿੰਦੇ ਹਨ। ਮਾਂ ਨੂੰ ਕੇਬੀਸੀ ਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਨੂੰ ਲੋਕਾਂ ਨੇ ਸਮਝਾਇਆ ਕਿ ਇਹ ਇਕ ਗੇਮ ਸ਼ੋਅ ਹੈ ਜਿਸ ਵਿਚ ਇਨਸਾਨ ਪੈਸੇ ਜਿੱਤਦਾ ਹੈ ਅਤੇ ਉਨ੍ਹਾਂ ਦਾ ਬੇਟਾ ਵੀ ਜਿੱਤਿਆ ਹੈ।