ਜੇਐੱਨਐੱਨ, ਰਾਂਚੀ : ਰਾਂਚੀ 'ਚ ਲਾਅ ਦੀ ਵਿਦਿਆਰਥਣ ਨਾਲ ਸਮੂਹਕ ਜਬਰ ਜਨਾਹ ਦੇ ਮਾਮਲੇ 'ਚ 11 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ। 2 ਮਾਰਚ ਨੂੰ ਅਦਾਲਤ ਇਨ੍ਹਾਂ ਦੀ ਸਜ਼ਾ 'ਤੇ ਫ਼ੈਸਲਾ ਸੁਣਾਏਗੀ। ਬੁੱਧਵਾਰ ਨੂੰ ਰਾਂਚੀ ਜ਼ਿਲ੍ਹਾ ਅਦਾਲਤ ਨੇ ਕਿਹਾ ਕਿ 21 ਗਵਾਹਾਂ ਤੇ ਸਬੂਤਾਂ ਦੇ ਆਧਾਰ 'ਤੇ ਅਜਿਹਾ ਲੱਗਦਾ ਹੈ ਕਿ ਦੋਸ਼ੀਆਂ ਨੇ ਸੋਚ-ਸਮਝ ਕੇ ਸਾਜ਼ਿਸ਼ ਤਹਿਤ ਇਕ ਵਿਦਿਆਰਥਣ ਨੂੰ ਅਗਵਾ ਕਰ ਕੇ ਘਟਨਾ ਨੂੰ ਅੰਜਾਮ ਦਿੱਤਾ। ਦੋਸ਼ੀ ਸੰਦੀਪ ਤੇ ਸੁਨੀਲ ਨੇ ਵਿਦਿਆਰਥਣ ਦੇ ਦੋਸਤ ਨਾਲ ਕੁੱਟਮਾਰ ਕੀਤੀ। ਉਸ ਨੂੰ ਬੰਧਕ ਬਣਾ ਕੇ ਰੱਖਿਆ। ਅਦਾਲਤ ਨੇ ਮੰਨਿਆ ਕਿ ਦੋਸ਼ੀਆਂ ਵੱਲੋਂ ਕੀਤਾ ਗਿਆ ਇਹ ਕੰਮ ਗੰਭੀਰ ਅਪਰਾਧ ਹੈ। ਇਸ 'ਚ ਸਾਰੇ ਮੁਲਜ਼ਮ ਦੋਸ਼ੀ ਹਨ। ਸੁਣਵਾਈ ਦੌਰਾਨ ਹੋਟਵਾਰ ਜੇਲ੍ਹ 'ਚ ਬੰਦ 11 ਦੋਸ਼ੀਆਂ ਨੂੰ ਵੀਡੀਓ ਕਾਨਫਰੰਸ ਜ਼ਰੀਏ ਪੇਸ਼ ਕੀਤਾ ਗਿਆ।

92 ਦਿਨਾਂ 'ਚ ਆਇਆ ਅਦਾਲਤ ਦਾ ਫ਼ੈਸਲਾ : ਇਸ ਮਾਮਲੇ 'ਚ ਸਪੀਡੀ ਟ੍ਰਾਇਲ ਕੀਤਾ ਗਿਆ। ਸਿਰਫ 92 ਦਿਨਾਂ 'ਚ ਸੁਣਵਾਈ ਪੂਰੀ ਕਰ ਲਈ ਗਈ। 26 ਨਵੰਬਰ 2019 ਨੂੰ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਹਾਈ ਕੋਰਟ ਮਾਮਲੇ ਦੀ ਮਾਨੀਟਰਿੰਗ ਕਰ ਰਿਹਾ ਸੀ। ਇਸ ਮਾਮਲੇ 'ਚ 12 ਖ਼ਿਲਾਫ਼ ਐੱਫਆਈਆਰ ਹੋਈ ਸੀ। ਇਕ ਨੂੰ ਨਾਬਾਲਿਗ ਐਲਾਨਿਆ ਗਿਆ। ਕਾਂਕੇ ਦੇ ਸੰਗਰਾਮਪੁਰ 'ਚ ਲਾਅ ਦੀ ਵਿਦਿਆਰਥਣ ਨਾਲ ਸਮੂਹਕ ਜਬਰ ਜਨਾਹ ਕੀਤਾ ਗਿਆ। ਦੂਜੇ ਦਿਨ ਵਿਦਿਆਰਥਣ ਦੀ ਸ਼ਿਕਾਇਤ 'ਤੇ ਕਾਂਕੇ ਥਾਣਾ 'ਚ 12 ਵਿਅਕਤੀਆਂ ਖ਼ਿਲਾਫ਼ ਐੱਫਆਈਆਰ ਦਰਜ ਕਰਵਾਈ ਗਈ। ਪੁਲਿਸ ਨੇ ਤੇਜ਼ੀ ਵਿਖਾਉਂਦੇ ਹੋਏ ਸਾਰੇ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਕੇ 29 ਫਰਵਰੀ ਨੂੰ ਜੇਲ੍ਹ ਭੇਜ ਦਿੱਤਾ।