ਜੈਪੁਰ : ਰਾਜਸਥਾਨ 'ਚ ਅਲਵਰ ਜ਼ਿਲ੍ਹੇ ਦੇ ਥਾਣਾਗਾਜੀ ਇਲਾਕੇ 'ਚ ਇਕ ਦਲਿਤ ਔਰਤ ਨਾਲ ਦਬੰਗਾਂ ਨੇ ਉਸ ਦੇ ਪਤੀ ਸਾਹਮਣੇ ਹੀ ਸਮੂਹਿਕ ਜਬਰ ਜਨਾਹ ਕੀਤਾ। ਪੰਜ ਮੁਲਜ਼ਮਾਂ ਨੇ ਪਹਿਲਾਂ ਤਾਂ ਔਰਤ ਦੇ ਪਤੀ ਨੂੰ ਬੰਧਕ ਬਣਾਇਆ, ਫਿਰ ਪੂਰੇ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਤੇ ਵੀਡੀਓ ਬਣਾ ਲਿਆ। ਤਿੰਨ ਦਿਨ ਪਹਿਲਾਂ ਇਸ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਵੀ ਕਰ ਦਿੱਤਾ। ਪੁਲਿਸ ਨੇ ਆਮ ਚੋਣਾਂ ਕਾਰਨ ਇਸ ਮਾਮਲੇ ਨੂੰ ਚਾਰ ਦਿਨ ਤਕ ਦਬਾਈ ਰੱਖਿਆ।

ਜਾਣਕਾਰੀ ਮੁਤਾਬਕ ਇਕ ਦਲਿਤ ਔਰਤ ਆਪਣੇ ਪਤੀ ਨਾਲ 26 ਅਪ੍ਰੈਲ ਨੂੰ ਦੁਪਹਿਰ ਵੇਲੇ ਬਾਈਕ ਰਾਹੀਂ ਤਾਲਵਰਿਕਸ਼ ਪਿੰਡ ਜਾ ਰਹੀ ਸੀ। ਇਸੇ ਵਿਚਾਲੇ ਥਾਣਾਗਾਜੀ-ਅਲਵਰ ਬਾਈਪਾਸ 'ਤੇ ਦੁਹਾਰ ਚੌਗਾਨ ਚੌਕ 'ਤੇ ਦੋ ਬਾਈਕਾਂ 'ਤੇ ਆਏ ਪੰਜ ਨੌਜਵਾਨਾਂ ਨੇ ਉਨ੍ਹਾਂ ਨੂੰ ਰੋਕ ਲਿਆ ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਮਗਰੋਂ ਉਹ ਉਸ ਨੂੰ ਜਬਰੀ ਖਿੱਚਦੇ ਹੋਏ ਨੇੜੇ ਹੀ ਸਥਿਤ ਰੇਤ ਦੇ ਟਿੱਲੇ ਵੱਲ ਲੈ ਗਏ।

ਉਥੇ ਪਹਿਲਾਂ ਤਾਂ ਪਤੀ ਨਾਲ ਕੁੱਟਮਾਰ ਕੀਤੀ ਫਿਰ ਉਸ ਨੂੰ ਦਰੱਖਤ ਨਾਲ ਬੰਨ੍ਹ ਕੇ ਔਰਤ ਨਾਲ ਜ਼ਬਰ ਜਨਾਹ ਕੀਤਾ। ਮੁਲਜ਼ਮਾਂ ਨੇ ਪੂਰੇ ਘਟਨਾਕ੍ਰਮ ਦਾ ਵੀਡੀਓ ਵੀ ਬਣਾ ਲਿਆ। ਮੁਲਜ਼ਮਾਂ ਨੇ ਔਰਤ ਨੂੰ ਛੱਡਦੇ ਸਮੇਂ ਧਮਕੀ ਵੀ ਦਿੱਤੀ। ਡਰ ਕਾਰਨ ਜੋੜੇ ਨੇ ਇਸ ਦੀ ਜਾਣਕਾਰੀ ਕਿਸੇ ਨੂੰ ਨਹੀਂ ਦਿੱਤੀ ਤੇ ਨਾ ਹੀ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ ਪਰ, ਪਿਛਲੇ ਤਿੰਨ ਦਿਨ ਤੋਂ ਮੁਲਜ਼ਮ ਉਸ ਨੂੰ ਰੋਜ਼ਾਨਾ ਫੋਨ ਕਰਕੇ ਪਰੇਸ਼ਾਨ ਕਰ ਰਹੇ ਸਨ। ਅਜਿਹੇ 'ਚ ਦੋ ਮਈ ਨੂੰ ਰਿਪੋਰਟ ਦਰਜ ਕਰਵਾਈ।

ਪੁਲਿਸ ਨੇ ਚੋਣਾਂ ਨੂੰ ਵੇਖਦੇ ਹੋਏ ਮਾਮਲੇ ਨੂੰ ਦਬਾਏ ਰੱਖਿਆ। ਪੁਲਿਸ ਥਾਣੇ 'ਚ ਦਰਜ ਰਿਪੋਰਟ 'ਚ ਔਰਤ ਨੇ ਕਿਹਾ ਕਿ ਇੰਦਰਰਾਜ ਗੁੱਜਰ, ਅਸ਼ੋਕ ਗੁੱਜਰ, ਛੋਟੇ ਲਾਲ ਗੁੱਜਰ, ਮਹੇਸ਼ ਗੁੱਜਰ ਤੇ ਹੰਸਰਾਜ ਗੁੱਜਰ ਨੇ ਉਸ ਨਾਲ ਜਬਰ ਜਨਾਹ ਕੀਤਾ। ਰਿਪੋਰਟ 'ਚ ਉਸ ਨੇ ਪੁਲਿਸ ਸੁਰੱਖਿਆ ਦੀ ਮੰਗ ਵੀ ਕੀਤੀ ਹੈ।

ਸੋਮਵਾਰ ਨੂੰ ਜੋੜੇ ਨੇ ਮਾਮਲਾ ਜਨਤਕ ਕੀਤਾ ਤਾਂ ਮੰਗਲਵਾਰ ਨੂੰ ਲੋਕਾਂ ਨੇ ਧਰਨਾ-ਪ੍ਰਦਰਸ਼ਨ ਕੀਤਾ। ਪੁਲਿਸ ਨੇ ਇਸ ਮਾਮਲੇ 'ਚ ਇੰਦਰਰਾਜ ਗੁੱਜਰ ਨੂੰ ਮੰਗਰਵਾਰ ਨੂੰ ਗਿ੍ਫ਼ਤਾਰ ਕਰ ਲਿਆ ਹੈ। ਉਧਰ, ਪੁਲਿਸ ਡਾਇਰੈਕਟਰ ਜਨਰਲ ਕਪਿਲ ਗਰਗ ਨੇ ਮੰਗਲਵਾਰ ਸ਼ਾਮ ਥਾਣਾਗਾਜੀ ਪੁਲਿਸ ਥਾਣਾ ਅਧਿਕਾਰੀ ਸਰਦਾਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ।


'ਸਾਰੇ ਮੁਲਜ਼ਮਾਂ ਨੂੰ ਨਾਮਜ਼ਦ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਗਿ੍ਫ਼ਤਾਰੀ ਲਈ 14 ਟੀਮਾਂ ਵੱਖ-ਵੱਖ ਖੇਤਰਾਂ 'ਚ ਭੇਜੀਆਂ ਗਈਆਂ ਹਨ।'

- ਕਪਿਲ ਭੱਟ, ਪੁਲਿਸ ਡਾਇਰੈਕਟਰ ਜਨਰਲ।