ਸਤਿੰਦਰ ਸ਼ਰਮਾ, ਫਿਲੌਰ : ਬੀਤੀ ਰਾਤ ਜ਼ਖੀਰੇ 'ਚ ਗੜ੍ਹਾ ਨੇੜੇ ਇਕ ਪਰਵਾਸੀ ਨਬਾਲਿਗ ਲੜਕੀ ਨਾਲ ਤਿੰਨ ਵਿਅਕਤੀਆਂ ਵੱਲੋਂ ਸਮੂਹਿਕ ਜਬਰ-ਜਨਾਹ ਕਰਨ ਦੀ ਖ਼ਬਰ ਹੈ। ਇਸ ਸਬੰਧੀ ਫਿਲੌਰ ਪੁਲਿਸ ਨੇ ਧਾਰਾ 376 ਅਤੇ ਪਾਸਕੋ ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਗੜ੍ਹਾ ਵਾਸੀ ਪਰਵਾਸੀ ਲੜਕੇ ਰਾਜੀਵ ਨੇ ਦੱਸਿਆ ਕਿ ਬੀਤੀ ਰਾਤ 8 ਵਜੇ ਦੇ ਕਰੀਬ ਉਹ ਮੁਹੱਲੇ ਦੀ ਪਰਵਾਸੀ ਲੜਕੀ ਜੋ ਕਿ ਪਿਛਲੇ ਕਰੀਬ 6-7 ਮਹੀਨੇ ਤੋਂ ਉਸ ਦੀ ਦੋਸਤ ਹੈ, ਨੂੰ ਨਾਲ ਲੈ ਕੇ ਨੇੜਲੇ ਜ਼ਖੀਰੇ ਵੱਲ ਘੁੰਮਣ ਚਲਾ ਗਿਆ। ਉੱਥੇ ਉਹ ਬੈਠੇ ਗੱਲਾਂ ਕਰ ਰਹੇ ਸਨ ਕਿ ਅਚਾਨਕ ਉੱਥੇ ਤਿੰਨ ਨੌਜਵਾਨ ਆਏ ਅਤੇ ਉਨ੍ਹਾਂ ਨੇ ਉਸ (ਰਾਜੀਵ) ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਤਿੰਨਾਂ ਨੇ ਉਸ ਦੇ ਹੱਥ ਪਿੱਛੇ ਬੰਨ੍ਹ ਕੇ ਉੱਥੇ ਸੁੱਟ ਦਿੱਤਾ ਅਤੇ ਉਸ ਦੀ ਲੜਕੀ ਨੂੰ ਹੋਰ ਅਗਾਂਹ ਜ਼ਖੀਰੇ 'ਚ ਲੈ ਗਏ। ਮੌਕਾ ਤਾੜ ਕੇ ਉਹ ਉਥੋਂ ਭੱਜ ਨਿਕਲਿਆ ਅਤੇ ਮੁਹੱਲੇ 'ਚ ਆ ਕੇ ਉਸ ਨੇ ਇਕ ਦੁਕਾਨਦਾਰ ਨੂੰ ਆਪ ਬੀਤੀ ਦੱਸੀ।

ਦੁਕਾਨਦਾਰ ਮੀਕੇ ਨੇ ਦੱਸਿਆ ਕਿ ਬੀਤੀ ਰਾਤ ਰਾਜੀਵ ਉਸ ਕੋਲ ਘਬਰਾਇਆ ਹੋਇਆ ਆਇਆ ਸੀ, ਉਸ ਵੇਲੇ ਉਸ ਦੇ ਹੱਥ ਪਿੱਛੇ ਬੱਝੇ ਹੋਏ ਸਨ। ਉਸ ਨੇ ਪਹਿਲਾਂ ਰਾਜੀਵ ਦੇ ਹੱਥ ਖੋਲ੍ਹੇ ਅਤੇ ਉਸ ਦੀ ਨਿਸ਼ਾਨਦੇਹੀ 'ਤੇ ਉਹ ਜ਼ਖੀਰੇ ਵੱਲ ਗਏ। ਉੱਥੇ ਉਨ੍ਹਾਂ ਨੇ ਉਕਤ ਲੜਕੀ ਨੂੰ ਨੀਮ ਬੇਹੋਸ਼ੀ ਦੀ ਹਾਲਤ 'ਚ ਜ਼ਮੀਨ 'ਤੇ ਨਗਨ ਹਾਲਤ 'ਚ ਪਈ ਦੇਖਿਆ। ਉਹ ਲੜਕੀ ਨੂੰ ਢੱਕ ਕੇ ਉਸ ਦੇ ਘਰ ਲੈ ਆਏ। ਉੱਥੋਂ ਪਿੰਡ ਦੇ ਮੁਹਤਬਰਾਂ ਨੂੰ ਨਾਲ ਲੈ ਕੇ ਉਕਤ ਲੜਕੀ ਨੂੰ ਸਿਵਲ ਹਸਪਤਾਲ ਫਿਲੌਰ ਦਾਖ਼ਲ ਕਰਵਾਇਆ। ਸੰਪਰਕ ਕਰਨ 'ਤੇ ਐੱਸਐੱਮਓ ਫਿਲੌਰ ਡਾ. ਜਤਿੰਦਰ ਸਿੰਘ ਨੇ ਦੱਸਿਆ ਕਿ ਗਾਇਨੀਕਾਲੋਜਿਸਟ ਡਾ. ਪਰਮਿੰਦਰ ਕੌਰ ਨੇ ਉਕਤ ਲੜਕੀ ਦਾ ਮੈਡੀਕਲ ਕਰਕੇ ਬਣਦੀ ਰਿਪੋਰਟ ਜਾਂਚ ਲਈ ਭੇਜ ਦਿੱਤੀ ਹੈ। ਸੰਪਰਕ ਕਰਨ 'ਤੇ ਡੀਐੱਸਪੀ ਫਿਲੌਰ ਅਮਰੀਕ ਸਿੰਘ ਚਾਹਲ ਨੇ ਦੱਸਿਆ ਕਿ ਉਹ ਖ਼ੁਦ, ਐੱਸਐੱਚਓ ਫਿਲੌਰ ਅਤੇ ਏਐੱਸਆਈ ਰਵਿੰਦਰ ਸਿੰਘ ਪੁਲਿਸ ਫੋਰਸ ਸਮੇਤ ਮੌਕੇ 'ਤੇ ਪੁੱਜੇ ਹਨ ਅਤੇ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਚਾਹਲ ਨੇ ਦੱਸਿਆ ਕਿ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਕੇ ਬਣਦੀ ਕਾਰਵਾਈ ਆਰੰਭ ਦਿੱਤੀ ਗਈ ਹੈ।

ਚਾਹਲ ਨੇ ਦੱਸਿਆ ਕਿ ਪੀੜਤ ਲੜਕੀ ਦੀ ਮਾਂ ਦੇ ਬਿਆਨ 'ਤੇ ਫਿਲੌਰ ਪੁਲਿਸ ਨੇ ਰਾਜੀਵ, ਬੰਟੀ, ਅਮਿਤ ਉਰਫ਼ ਚੇਤੂ ਅਤੇ ਜਤਿੰਦਰ ਉਰਫ਼ ਜੋਗਿੰਦਰ ਦੇ ਵਿਰੁੱਧ ਕੇਸ ਦਰਜ ਕਰ ਲਿਆ ਹੈ। ਚਾਹਲ ਨੇ ਦੱਸਿਆ ਕਿ ਪੁਲਿਸ ਨੇ ਤਿੰਨ ਮੁਲਜ਼ਮ ਗਿ੍ਫ਼ਤਾਰ ਕਰ ਲਏ ਹਨ ਅਤੇ ਬੰਟੀ ਅਜੇ ਪੁਲਿਸ ਦੀ ਗਿ੍ਫ਼ਤ ਤੋਂ ਬਾਹਰ ਹੈ।