ਨੀਲੂ ਰੰਜਨ, ਨਵੀਂ ਦਿੱਲੀ : ਦੇਸ਼ 'ਚ ਕੋਰੋਨਾ ਖਿਲਾਫ਼ ਚੱਲ ਰਹੀ ਟੀਕਾਕਰਨ ਮੁਹਿੰਮ ਦਾ ਦਾਇਰਾ ਵਧਾਉਣ ਦਾ ਫੈਸਲਾ ਹੋਇਆ ਹੈ। ਪਹਿਲੀ ਮਾਰਚ ਤੋਂ ਮੁਫਤ ਟੀਕਾਕਰਨ ਮੁਹਿੰਮ 'ਚ ਸੀਨੀਅਰ ਨਾਗਰਿਕਾਂ ਅਰਥਾਤ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਨਾਲ ਹੀ 45 ਸਾਲਾਂ ਤੋਂ ਜ਼ਿਆਦਾ ਦੀ ਉਮਰ ਦੇ ਅਜਿਹੇ ਲੋਕ ਵੀ ਟੀਕਾਕਰਨ ਕਰਵਾ ਸਕਣਗੇ, ਜਿਹੜੇ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਬੁੱਧਵਾਰ ਨੂੰ ਹੋਈ ਕੈਬਨਿਟ ਦੀ ਬੈਠਕ 'ਚ ਇਸ ਸਬੰਧੀ ਫੈਸਲਾ ਕੀਤਾ ਗਿਆ।

ਬੈਠਕ 'ਚ ਕੀਤੇ ਗਏ ਫ਼ੈਸਲੇ ਦੀ ਜਾਣਕਾਰੀ ਦਿੰਦਿਆਂ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਪਹਿਲੀ ਮਾਰਚ ਤੋਂ ਟੀਕਾਕਰਨ ਮੁਹਿੰਮ 'ਚ ਸਰਕਾਰੀ ਦੇ ਨਾਲ-ਨਾਲ ਨਿੱਜੀ ਖੇਤਰ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਟੀਕਾਕਰਨ ਲਈ 10 ਹਜ਼ਾਰ ਸਰਕਾਰੀ ਤੇ 20 ਹਜ਼ਾਰ ਨਿੱਜੀ ਖੇਤਰ ਦੇ ਸੈਂਟਰ ਹੋਣਗੇ। ਫ਼ਰਕ ਇਹ ਹੋਵੇਗਾ ਕਿ ਸਰਕਾਰੀ ਸੈਂਟਰ 'ਤੇ ਕੋਰੋਨਾ ਦਾ ਮੁਫਤ ਟੀਕਾ ਲੱਗੇਗਾ, ਉੱਥੇ ਨਿੱਜੀ ਸੈਂਟਰ 'ਤੇ ਇਸ ਦਾ ਮੁੱਲ ਤਾਰਨਾ ਪਵੇਗਾ। ਨਿੱਜੀ ਸੈਂਟਰ 'ਤੇ ਟੀਕੇ ਦੀ ਕੀਮਤ ਕੇਂਦਰੀ ਸਿਹਤ ਮੰਤਰਾਲੇ ਤੈਅ ਕਰੇਗਾ। ਇਸ ਦਾ ਐਲਾਨ ਇਕ ਦੋ ਦਿਨਾਂ 'ਚ ਕੀਤਾ ਜਾਵੇਗਾ। ਇਹ ਤੈਅ ਹੈ ਕਿ ਸਰਕਾਰ ਥੋਕ 'ਚ ਵੈਕਸੀਨ ਖਰੀਦ ਕੇ ਸਰਕਾਰੀ ਤੇ ਨਿੱਜੀ ਦੋਵੇਂ ਕੇਂਦਰਾਂ 'ਤੇ ਉਪਲਬੱਧ ਕਰਵਾਏਗੀ। ਇਸ ਨਾਲ ਯਕੀਨਨ ਨਿੱਜੀ ਕੇਂਦਰਾਂ 'ਤੇ ਵੀ ਟੀਕੇ ਦੀ ਕੀਮਤ ਘੱਟ ਹੀ ਰਹੇਗੀ।

ਇਸ ਲਈ ਬਦਲੀ ਗਈ ਤਰਜੀਹ

ਸਰਕਾਰ ਨੇ ਪਹਿਲਾਂ ਹੈੱਲਥ ਕੇਅਰ ਤੇ ਫਰੰਟਲਾਈਨ ਵਰਕਰਜ਼ ਤੋਂ ਬਾਅਦ 50 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਟੀਕਾਕਰਨ ਲਈ ਤਰਜੀਹ 'ਚ ਰੱਖਣ ਦਾ ਐਲਾਨ ਕੀਤਾ ਸੀ। ਦੇਸ਼ 'ਚ ਅਜਿਹੇ ਲੋਕਾਂ ਦੀ ਗਿਣਤੀ ਲਗਪਗ 26 ਕਰੋੜ ਹੈ। ਏਨੀ ਵੱਡੀ ਗਿਣਤੀ ਲਈ ਇਕੱਠਿਆਂ ਟੀਕਾਕਰਨ ਦੇ ਦਰਵਾਜ਼ੇ ਖੋਲ੍ਹਣ ਨਾਲ ਹਫੜਾ-ਦਫੜੀ ਦਾ ਖ਼ਦਸ਼ਾ ਸੀ। ਇਸ ਤੋਂ ਇਲਾਵਾ 60 ਸਾਲ ਤੋਂ ਜ਼ਿਆਦਾ ਦੇ ਲੋਕਾਂ 'ਚ ਕੋਰੋਨਾ ਨਾਲ ਮੌਤ ਦਾ ਖਤਰਾ ਵੀ ਜ਼ਿਆਦਾ ਪਾਇਆ ਗਿਆ। ਇਨ੍ਹਾਂ ਤੱਥਾਂ ਨੂੰ ਦੇਖਦਿਆਂ ਪਹਿਲਾਂ 60 ਸਾਲ ਤੋਂ ਜ਼ਿਆਦਾ ਦੇ ਲੋਕਾਂ ਨੂੰ ਵੈਕਸੀਨ ਦੇਣ ਦੀ ਰਣਨੀਤੀ ਅਪਣਾਈ ਜਾ ਰਹੀ ਹੈ। ਜਾਵੜੇਕਰ ਨੇ ਕਿਹਾ ਕਿ ਅਜਿਹੇ ਲੋਕਾਂ ਦੀ ਗਿਣਤੀ ਕਰੀਬ 10 ਕਰੋੜ ਹੈ।

ਬਿਮਾਰਾਂ ਲਈ ਵੀ ਬਦਲੀ ਗਈ ਤਰਜੀਹ

ਪਹਿਲਾਂ 50 ਸਾਲ ਤੋਂ ਘੱਟ ਉਮਰ ਦੇ ਉਨ੍ਹਾਂ ਸਾਰੇ ਲੋਕਾਂ ਨੂੰ ਪਹਿਲ ਦੀ ਸੂਚੀ 'ਚ ਰੱਖਿਆ ਗਿਆ ਸੀ, ਜਿਹੜੇ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਹਨ। ਹਾਲਾਂਕਿ ਇਸ ਸਬੰਧੀ ਸਰਕਾਰੀ ਅੰਕੜੇ ਨਹੀਂ ਹੋਣ 'ਤੇ ਡਾਕਟਰ ਦੀ ਫਰਜ਼ੀ ਰਿਪੋਰਟ ਲਗਾ ਦੇਣ ਦੇ ਖਦਸ਼ਿਆਂ ਨੂੰ ਦੇਖਦਿਆਂ ਇਸ ਤਰਜੀਹੀ ਸੂਚੀ ਨੂੰ 45 ਤੋਂ 60 ਸਾਲਾਂ ਦੀ ਉਮਰ ਵਾਲਿਆਂ ਲਈ ਸੀਮਤ ਕਰ ਦਿੱਤਾ ਗਿਆ ਹੈ।

ਇਸ ਤਰ੍ਹਾਂ ਚੱਲੇਗਾ ਟੀਕਾਕਰਨ ਦਾ ਪੜਾਅ

16 ਜਨਵਰੀ ਨੂੰ ਸਭ ਤੋਂ ਪਹਿਲਾਂ ਹੈੱਲਥ ਕੇਅਰ ਵਰਕਰਜ਼ ਨੂੰ ਵੈਕਸੀਨ ਦੇਣ ਦਾ ਕੰਮ ਸ਼ੁਰੂ ਹੋਇਆ ਸੀ। ਲਗਪਗ 50 ਫ਼ੀਸਦੀ ਨੂੰ ਟੀਕਾ ਲੱਗ ਜਾਣ ਤੋਂ ਬਾਅਦ ਤਿੰਨ ਫਰਵਰੀ ਨੂੰ ਟੀਕਾਕਰਨ ਨੂੰ ਫਰੰਟਲਾਈਨ ਵਰਕਰਜ਼ ਲਈ ਖੋਲ੍ਹ ਦਿੱਤਾ ਗਿਆ ਸੀ। ਹੁਣ ਜਦੋਂ ਲਗਪਗ 50 ਫੀਸਦੀ ਫਰੰਟਲਾਈਨ ਵਰਕਰਜ਼ ਦਾ ਟੀਕਾਕਰਨ ਪੂਰਾ ਹੋ ਜਾਣ ਦੇ ਨੇੜੇ ਹੈ ਤੇ ਟੀਕਾ ਲਗਵਾਉਣ ਵਾਲੇ ਹੈਲਥਕੇਅਰ ਵਰਕਰਜ਼ ਦੀ ਗਿਣਤੀ 'ਚ ਕਮੀ ਆਉਣ ਲੱਗੀ ਹੈ, ਉਦੋਂ ਇਸ 'ਚ ਬਜ਼ੁਰਗਾਂ ਤੇ ਬਿਮਾਰਾਂ ਨੂੰ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਤੇ 45 ਤੋਂ 60 ਸਾਲ ਦੀ ਉਮਰ ਦੇ ਗੰਭੀਰ ਬਿਮਾਰੀ ਤੋਂ ਪੀੜਤ 50 ਫੀਸਦੀ ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨ ਦੀ ਪਹਿਲੀ ਖ਼ੁਰਾਕ ਮਿਲਣ ਤੋਂ ਬਾਅਦ 50 ਤੋਂ 60 ਸਾਲਾਂ ਦੇ ਸਿਹਤਮੰਦ ਲੋਕਾਂ ਤੇ 45 ਸਾਲ ਤੋਂ ਘੱਟ ਉਮਰ ਦੇ ਗੰਭੀਰ ਬਿਮਾਰੀ ਨਾਲ ਪੀੜਤ ਲੋਕਾਂ ਲਈ ਟੀਕਾਕਰਨ ਦੀ ਇਜਾਜ਼ਤ ਮਿਲ ਜਾਵੇਗੀ। ਇਹ ਇਸ ਗੱਲ 'ਤੇ ਵੀ ਨਿਰਭਰ ਕਰੇਗਾ ਕਿ ਇਸ ਸਮੂਹ ਦੇ ਕਿੰਨੇ ਫੀਸਦੀ ਲੋਕ ਵੈਕਸੀਨ ਲਈ ਅੱਗੇ ਆਉਂਦੇ ਹਨ।