ਜੇਐੱਨਐੱਨ, ਕਟੜਾ : ਕਰੀਬ ਪੰਜ ਮਹੀਨਿਆਂ ਦੇ ਇੰਤਜ਼ਾਰ ਤੋਂ ਬਾਅਦ ਅੱਜ ਯਾਨੀ 16 ਅਗਸਤ ਤੋਂ ਸ਼ਰਧਾਲੂ ਮੁੜ ਮਾਂ ਵੈਸ਼ਨੋ ਦੇਵੀ ਦੇ ਦਰਸ਼ਨ ਕਰ ਸਕਣਗੇ। ਕੋਰੋਨਾ ਦੇ ਸਖ਼ਤ ਨਿਯਮਾਂ ਸਮੇਤ ਯਾਤਰਾ ਸ਼ੁਰੂ ਹੋ ਰਹੀ ਹੈ। ਫਿਲਹਾਲ ਯਾਤਰਾ ਦੇ ਪਹਿਲੇ ਪੜਾਅ 'ਚ ਰੋਜ਼ਾਨਾ ਸਿਰਫ਼ 2,000 ਸ਼ਰਧਾਲੂ ਹੀ ਦਰਸ਼ਨ ਕਰ ਸਕਣਗੇ। ਕੋਰੋਨਾ ਮਹਾਮਾਰੀ ਕਾਰਨ ਬੀਤੀ 18 ਮਾਰਚ ਨੂੰ ਵੈਸ਼ਨੋ ਦੇਵੀ ਯਾਤਰਾ ਮੁਲਤਵੀ ਕਰ ਦਿੱਤੀ ਗਈ ਸੀ। ਜੰਮੂ-ਕਸ਼ਮੀਰ ਸੂਬਾਈ ਪ੍ਰਸ਼ਾਸਨ ਨੇ ਬੀਤੇ ਮੰਗਲਵਾਰ ਨੂੰ ਸੂਬੇ ਦੇ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਦੇਣ ਦੇ ਨਾਲ ਹੀ ਸਪੱਸ਼ਟ ਤੇ ਸਖ਼ਤ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਸਨ। ਸੂਬਾ ਪ੍ਰਸ਼ਾਸਨ ਦੀ ਹਰੀ ਝੰਡੀ ਮਿਲਣ ਤੋਂ ਬਾਅਦ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਨੇ 16 ਅਗਸਤ ਤੋਂ ਵੈਸ਼ਨੋ ਦੇਵੀ ਯਾਤਰਾ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ।

ਸ਼੍ਰਾਈਨ ਬੋਰਡ ਦੇ ਸੀਈਓ ਰਮੇਸ਼ ਕੁਮਾਰ ਨੇ ਦੱਸਿਆ ਕਿ ਪਹਿਲੇ ਪੜਾਅ 'ਚ ਸਿਰਫ਼ 2000 ਸ਼ਰਧਾਲੂ ਰੋਜ਼ ਦਰਸ਼ਨ ਕਰ ਸਕਣਗੇ। ਇਨ੍ਹਾਂ ਵਿਚੋਂ 1900 ਜੰਮੂ-ਕਸ਼ਮੀਰ ਦੇ, ਜਦਕਿ 100 ਹੋਰਨਾਂ ਸੂਬਿਆਂ ਦੇ ਸ਼ਰਧਾਲੂ ਹੋਣਗੇ। ਬਾਕੀ ਸੂਬਿਆਂ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਕੋਵਿਡ-19 ਟੈਸਟ ਲਾਜ਼ਮੀ ਹੋਵੇਗਾ। 10 ਸਾਲ ਤੋਂ ਛੋਟੇ ਜਾਂ ਫਿਰ 60 ਸਾਲ ਤੋਂ ਉੱਪਰ ਦੇ ਲੋਕਾਂ ਦੇ ਨਾਲ ਹੀ ਗਰਭਵਤੀ ਔਰਤਾਂ ਨੂੰ ਪਹਿਲੇ ਪੜਾਅ 'ਚ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਹਰੇਕ ਸ਼ਰਧਾਲੂ ਲਈ ਮਾਸਕ ਜਾਂ ਫਿਰ ਫੇਸ ਸ਼ੀਲਡ ਪਹਿਨਣਾ ਲਾਜ਼ਮੀ ਹੋਵੇਗਾ ਤੇ ਸਰੀਰਕ ਦੂਰੀ ਦਾ ਵੀ ਖ਼ਿਆਲ ਰੱਖਣਾ ਪਵੇਗਾ। ਪਹਿਲੇ ਪੜਾਅ 'ਚ ਦਰਸ਼ਨਾਂ ਲਈ ਵੈਸ਼ਨੋ ਦੇਵੀ ਭਵਨ ਵੱਲ ਜਾਣ ਵਾਲੇ ਸ਼ਰਧਾਲੂਆਂ ਨੂੰ ਸਿਰਫ਼ ਰਵਾਇਤੀ ਮਾਰਗ ਤੋਂ ਜਾਣਾ ਪਵੇਗਾ ਤੇ ਦਰਸ਼ਨਾਂ ਤੋਂ ਬਾਅਦ ਵਾਪਸ ਨਵੇਂ ਤਾਰਾਕੋਟ ਮਾਰਗ ਰਾਹੀਂ ਆਉਣਾ ਪਵੇਗਾ।

ਸ਼ਰਧਾਲੂਆਂ ਦੀ ਹੋਵੇਗੀ ਆਨਲਾਈਨ ਰਜਿਸਟ੍ਰੇਸ਼ਨ

ਸ਼ਰਧਾਲੂਆਂ ਦੀ ਸਿਰਫ਼ ਆਨਲਾਈਨ ਰਜਿਸਟ੍ਰੇਸ਼ਨ ਹੋਵੇਗੀ। ਚਾਹਵਾਨ ਸ਼ਰਧਾਲੂਆਂ ਨੂੰ ਯਾਤਰਾ ਰਜਿਸਟ੍ਰੇਸ਼ਨ ਕੇਂਦਰ ਤੋਂ ਤੁਰੰਤ ਯਾਤਰਾ ਪਰਚੀ ਉਪਲਬਧ ਨਹੀਂ ਹੋਵੇਗੀ। ਯਾਤਰਾ ਕਰਨ ਵਾਲੇ ਸਾਰੇ ਸ਼ਰਧਾਲੂਆਂ ਦੇ ਮੋਬਾਈਲ 'ਚ ਆਰੋਗਯ ਸੇਤੂ ਐਪ ਦਾ ਹੋਣਾ ਲਾਜ਼ਮੀ ਹੈ।

ਸ਼ਰਧਾਲੂਆਂ ਲਈ ਖੁੱਲ੍ਹਣਗੇ ਲੰਗਰ

ਸ਼ਰਧਾਲੂਆਂ ਦੀ ਸਹੂਲਤ ਲਈ ਮਾਂ ਵੈਸ਼ਨੋ ਦੇਵੀ ਦੇ ਨਵੇਂ ਤਾਰਾਕੋਟ ਮਾਰਗ ਦੇ ਨਾਲ ਹੀ ਸਾਂਝੀ ਛੱਤ ਮਾਰਗ 'ਤੇ ਸਥਾਪਿਤ ਮੁਫ਼ਤ ਲੰਗਰ ਮੁੜ ਸ਼ੁਰੂ ਕੀਤੇ ਜਾਣਗੇ। ਇਸ ਦੇ ਨਾਲ ਹੀ ਸ਼੍ਰਾਈਨ ਬੋਰਡ ਵੱਲੋਂ ਵੈਸ਼ਨੋ ਦੇਵੀ ਭਵਨ ਦੇ ਨਾਲ ਹੀ ਸਾਂਝੀ ਛੱਤ, ਭੈਰੋ ਘਾਟੀ ਆਦਿ ਸਥਾਨਾਂ 'ਤੇ ਭੋਜਨਾਲਿਆ ਵੀ ਸ਼ਰਧਾਲੂਆਂ ਲਈ ਖੋਲ੍ਹੇ ਜਾਣਗੇ।

ਕੱਟੜਾ 'ਚ ਸਥਾਪਿਤ ਹੋਣਗੇ ਕੋਵਿਡ-19 ਰੈਪਿਡ ਸੈਂਟਰ

ਪ੍ਰਸ਼ਾਸਨ ਵੱਲੋਂ ਕੱਟਰਾ 'ਚ 3 ਕੋਵਿਡ ਰੈਪਿਡ ਸੈਂਟਰ ਨਵੇਂ ਬੱਸ ਸਟੈਂਡ, ਕੱਟੜਾ ਹੈਲੀਪੈਡ ਤੇ ਵੈਸ਼ਨੋ ਦੇਵੀ ਦੇ ਪ੍ਰਵੇਸ਼ ਮਾਰਗ ਦਰਸ਼ਨ ਡਿਓਢੀ 'ਚ ਸਥਾਪਿਤ ਹੋਣਗੇ। ਉੱਥੇ ਸਾਰੇ ਸ਼ਰਧਾਲੂਆਂ ਦਾ ਟੈਸਟ ਕੀਤਾ ਜਾਵੇਗਾ।

Posted By: Seema Anand