ਨਵੀਂ ਦਿੱਲੀ (ਪੀਟੀਆਈ) : ਇਕ ਸਮਾਂ ਸੀ ਜਦੋਂ ਹਰੇਕ ਪਰਿਵਾਰ ਦਾ ਇਕ ਫੈਮਿਲੀ ਡਾਕਟਰ ਹੁੰਦਾ ਸੀ ਜਿਸ ਨੂੰ ਪਰਿਵਾਰ ਦੇ ਹਰੇਕ ਜੀਅ ਦੀ ਮੈਡੀਕਲ ਹਿਸਟਰੀ ਦੀ ਜਾਣਕਾਰੀ ਹੁੰਦੀ ਸੀ ਤੇ ਜਿਹਡ਼ਾ ਪਰਿਵਾਰ ਦਾ ਦੋਸਤ, ਦਾਰਸ਼ਨਿਕ, ਸਰਪ੍ਰਸਤ ਤੇ ਮਾਰਗਦਰਸ਼ਕ ਹੁੰਦਾ ਸੀ। ਸਿਹਤ ਸਬੰਧੀ ਕੋਈ ਵੀ ਦਿੱਕਤ ਹੋਣ ’ਤੇ ਲੋਕ ਤੁਰੰਤ ਆਪਣੇ ਫੈਮਿਲੀ ਡਾਕਟਰ ਕੋਲ ਜਾਂਦੇ ਸਨ ਤੇ ਉਸ ’ਤੇ ਇੰਨਾ ਭਰੋਸਾ ਕਰਦੇ ਸਨ ਕਿ ਚਿਕਿਤਸਾ ਸਬੰਧੀ ਕੋਈ ਵੀ ਫ਼ੈਸਲਾ ਉਸ ਦੀ ਸਲਾਹ ਮੁਤਾਬਕ ਹੀ ਲੈਂਦੇ ਸਨ। ਹੌਲੀ-ਹੌਲੀ ਇਹ ਪਰੰਪਰਾ ਖ਼ਤਮ ਜਿਹੀ ਹੋ ਗਈ ਪਰ ਹੁਣ ਡਾਕਟਰਾਂ ਦੀ ਸੰਸਥਾ ਅਕਾਦਮੀ ਆਫ ਫੈਮਿਲੀ ਫਿਜ਼ੀਸ਼ੀਅਨ ਆਫ ਇੰਡੀਆ (ਏਐੱਫਪੀਆਈ) ਨੇ ਇਹ ਧਾਰਨਾ ਮੁਡ਼ ਸੁਰਜੀਤ ਕਰਨ ਤੇ ਹਰਮਨ-ਪਿਆਰੀ ਬਣਾਉਣ ’ਤੇ ਜ਼ੋਰ ਦਿੱਤਾ ਹੈ।

ਦੁਨੀਆ ਭਰ ਦੀ ਸਿਹਤ ਵਿਵਸਥਾ ’ਚ ਫੈਮਿਲੀ ਡਾਕਟਰ ਦੀ ਭੂਮਿਕਾ ਤੇ ਯੋਗਦਾਨ ਨੂੰ ਰੇਖਾਂਕਿਤ ਕਰਨ ਲਈ 19 ਮਈ ਨੂੰ ‘ਵਰਲਡ ਫੈਮਿਲੀ ਡਾਕਟਰ ਡੇਅ’ ਵਜੋਂ ਮਨਾਇਆ ਗਿਆ। ਇਸ ਮੌਕੇ ਏਐੱਫਪੀਆਈ ਦੇ ਪ੍ਰੈਜ਼ੀਡੈਂਟ ਡਾ. ਰਮਨ ਕੁਮਾਰ ਨੇ ਕਿਹਾ ਕਿ ਭਾਰਤ ’ਚ ਫੈਮਿਲੀ ਡਾਕਟਰ ਕੋਈ ਨਵੀਂ ਧਾਰਨਾ ਨਹੀਂ। ਇਤਿਹਾਸਕ ਤੌਰ ’ਤੇ ਫੈਮਿਲੀ ਡਾਕਟਰ ਸਧਾਰਨ ਡਾਕਟਰ ਹੁੰਦੇ ਸਨ ਜਿਹਡ਼ੇ ਸਿਹਤ ਪ੍ਰਬੰਧਕਾਂ ਵਜੋਂ ਵੀ ਕੰਮ ਕਰਦੇ ਸਨ। ਉਸ ਜ਼ਮਾਨੇ ’ਚ ਸਮਾਜ ਆਸਾਨੀ ਨਾਲ ਮਿਲਣ ਵਾਲੇ ਤੇ ਕਿਫ਼ਾਇਤੀ ਫੈਮਿਲੀ ਡਾਕਟਰਾਂ ’ਤੇ ਬਹੁਤ ਭਰੋਸਾ ਕਰਦਾ ਸੀ।

ਡਾ. ਕੁਮਾਰ ਨੇ ਕਿਹਾ ਕਿ ਪਿਛਲੇ ਕੁਝ ਦਹਾਕਿਆਂ ’ਚ ਚਿਕਿਤਸਾ ਜਗਤ ’ਚ ਸਬ-ਸਪੈਸ਼ਲਿਟੀ (ਉਪ-ਵਿਸ਼ੇਸ਼ਤਾਵਾਂ) ਨੇ ਪ੍ਰੈਕਟਿਸ ਦਾ ਸਧਾਰਨ ਤਰੀਕਾ ਖ਼ਤਮ ਕਰ ਦਿੱਤਾ ਹੈ। ਇਕਹਿਰੇ ਅੰਗ (ਸਿੰਗਲ ਆਰਗਨ), ਪ੍ਰਣਾਲੀਆਂ ਜਾਂ ਰੋਗਾਂ ’ਚ ਮੁਹਾਰਤ ’ਤੇ ਧਿਆਨ ਦੇਣ ਦੇ ਨਾਲ ਹੀ ਸਿਹਤ ਦੇ ਖੇਤਰ ’ਚ ਭਾਰੀ ਵਾਧਾ ਹੋਇਆ। ਇਨ੍ਹਾਂ ਸਬ-ਸਪੈਸ਼ਲਿਸਟਾਂ ਦੇ ਵਿਕਾਸ ਤੇ ਹਸਪਤਾਲਾਂ ’ਚ ਉਨ੍ਹਾਂ ਦੇ ਮੁਹੱਈਆ ਹੋਣ ਨੇ ਸਮਾਜ ’ਚ ਅਜਿਹੇ ਡਾਕਟਰਾਂ ਦੀ ਮੰਗ ਵਧਾਈ ਜਿਹਡ਼ੇ ਦੇਖਭਾਲ ਕਰਨ, ਆਸਾਨੀ ਨਾਲ ਮੁਹੱਈਆ ਹੋਣ ਅਤੇ ਮਾਹਰ ਵੀ ਹੋਣ। ‘ਫੈਮਿਲੀ ਮੈਡੀਸਿਨ’ ਨਾਂ ਦੀ ਕਲੀਨਿਕਲ ਵਿਸ਼ੇਸ਼ਤਾ ਦੇ ਆਉਣ ਨਾਲ ਸਧਾਰਨ ਚਿਕਿਤਸਾ ਦੀਆਂ ਪ੍ਰਾਚੀਨ ਪਰੰਪਰਾਵਾਂ ਨੂੰ ਮੁਡ਼ ਸੁਰਜੀਤ ਕਰਨ ਅਤੇ ‘ਫੈਮਿਲੀ ਡਾਕਟਰ’ ਨੂੰ ਮੁਡ਼ ਪਰਿਭਾਸ਼ਿਤ ਕਰਨ ਦੀ ਉਮੀਦ ਬੱਝੀ ਹੈ ਜਿਹਡ਼ੀ ਆਧੁਨਿਕ ਯੁੱਗ ਦੀ ਲੋਡ਼ ਪੂਰੀ ਕਰਨ ਲਈ ਸਭ ਤੋਂ ਬਿਹਤਰ ਸਿਖਲਾਈ ਪ੍ਰਾਪਤ ਹੈ। ‘ਫੈਮਿਲੀ ਮੈਡੀਸਿਨ’ ਜਾਂ ਪਰਿਵਾਰਕ ਚਿਕਿਤਸਾ ਇਕ ਵਿਅਕਤੀ-ਕੇਂਦਰਿਤ ਵਿਸ਼ੇਸ਼ਤਾ ਹੈ ਜਿਹਡ਼ੀ ਖ਼ਾਸ ਤੌਰ ’ਤੇ ਇਕ ਪਰਿਵਾਰ ਤੇ ਆਮ ਤੌਰ ’ਤੇ ਸਮਾਜ ਪ੍ਰਤੀ ਨਿਰੰਤਰ ਇਲਾਜ ਸਬੰਧ ਜ਼ਰੀਏ ਵਿਆਪਕ ਦੇਖਭਾਲ ਮੁਹੱਈਆ ਕਰਦੀ ਹੈ।

ਡਾ. ਕੁਮਾਰ ਨੇ ਕਿਹਾ ਕਿ ਸਮਾਜ ’ਚ ਇਸ ਦੇ ਲਈ ਨੌਜਵਾਨ ਡਾਕਟਰ ਅੱਗੇ ਆਉਣ ਤੇ ਫੈਮਿਲੀ ਮੈਡੀਸਿਨ ਨੂੰ ਇਕ ਮੁਹਾਰਤ ਵਜੋਂ ਚੁਣ ਕੇ ਸਮਾਜ ਦਾ ਭਲਾ ਕਰਨ। ਉੱਧਰ, ਏਐੱਫਪੀਆਈ ਦੀ ਕੌਮੀ ਸਕੱਤਰ ਡਾ. ਵੰਦਨਾ ਬੂਬਨਾ ਨੇ ਕਿਹਾ ਕਿ ਕੋਵਿਡ ਮਹਾਮਾਰੀ ਨੇ ਮੁਡ਼ ਇਕ ਮਜ਼ਬੂਤ ਮੁੱਢਲੀ ਸਿਹਤ ਸੇਵਾ ਵੰਡ ਪ੍ਰਣਾਲੀ ਦੇ ਮਹੱਤਵ ’ਤੇ ਜ਼ੋਰ ਦਿੱਤਾ ਹੈ।

Posted By: Tejinder Thind