ਜੇਐੱਨਐੱਨ, ਕੋਲਕਾਤਾ : ਕੋਲਕਾਤਾ ਪੁਲਿਸ ਦੀ ਵਿਸ਼ੇਸ਼ ਟਾਸਕ ਫੋਰਸ (ਐੱਸਟੀਐੱਫ) ਨੂੰ ਵੱਡੀ ਕਾਮਯਾਬੀ ਹੱਥ ਲੱਗੀ ਹੈ। ਹਾਵੜਾ ਤੇ ਸਿਆਲਦਾਹ ਸਟੇਸ਼ਨ ਕੰਪਲੈਕਸ਼ 'ਚ ਛਾਪੇਮਾਰੀ ਕੇ ਜਮਾਤ ਉਲ ਮੁਜਾਹਿਦੀਨ ਬੰਗਲਾਦੇਸ਼ (ਜੇਐੱਮਬੀ) ਦੇ ਚਾਰ ਅੱਤਵਾਦੀਆਂ ਨੂੰ ਗਿ੍ਫ਼ਤਾਰ ਕੀਤਾ ਹੈ। ਇਨ੍ਹਾਂ 'ਚੋਂ ਤਿੰਨ ਅੱਤਵਾਦੀ ਬੰਗਲਾਦੇਸ਼ੀ ਹਨ। ਅੱਤਵਾਦੀਆਂ ਕੋਲੋਂ ਇਸਲਾਮਿਕ ਸਟੇਟ (ਆਈਐੱਸ) ਦੇ ਕਈ ਦਸਤਾਵੇਜ਼ ਮਿਲੇ ਹਨ। ਖ਼ਦਸ਼ਾ ਹੈ ਕਿ ਅੱਤਵਾਦੀਆਂ ਦਾ ਆਈਐੱਸਆਈਐੱਸ ਅੱਤਵਾਦੀ ਸੰਗਠਨ ਨਾਲ ਵੀ ਸਬੰਧ ਹੈ। ਬੰਗਲਾਦੇਸ਼ 'ਚ ਉਕਤ ਤਿੰਨਾਂ ਖ਼ਿਲਾਫ਼ ਕਈ ਮਾਮਲੇ ਵੀ ਦਰਜ ਹਨ। ਉਹ ਸੰਗਠਨ 'ਚ ਨਵੇਂ ਨੌਜਵਾਨਾਂ ਦੀ ਭਰਤੀ ਕਰਨ ਦੀ ਫਿਰਾਕ 'ਚ ਆਏ ਸਨ। ਉਨ੍ਹਾਂ ਦੇ ਸੰਗਠਨ ਦਾ ਮਕਸਦ ਭਾਰਤ ਤੇ ਬੰਗਲਾਦੇਸ਼ 'ਚ ਲੋਕਤਾਂਤਰਿਕ ਸਰਕਾਰ ਨੂੰ ਤਬਾਹ ਕਰ ਕੇ ਖ਼ਿਲਾਫਤ ਤਹਿਤ ਸ਼ਰੀਆ ਕਾਨੂੰਨ ਦੀ ਸਥਾਪਨਾ ਕਰਨਾ ਸੀ। ਮੁਲਜ਼ਮਾਂ ਨੂੰ ਬੈਂਕਸ਼ਾਲ ਕੋਰਟ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਰਿਮਾਂਡ 'ਤੇ ਭੇਜ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਜਮਾਤ ਉਲ ਮੁਜਾਹਿਦੀਨ ਬੰਗਲਾਦੇਸ਼ ਨੂੰ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਐਲਾਨਿਆ ਹੋਇਆ ਹੈ। ਜਮਾਤ ਉਲ ਮਜਾਹਿਦੀਨ ਬੰਗਲਾਦੇਸ਼ ਨੂੰ ਜਮਾਤ ਉਲ ਮੁਜਾਹਿਦੀਨ ਇੰਡੀਆ ਜਾਂ ਜਮਾਤ ਉਲ ਮੁਜਾਹਿਦੀਨ ਹਿੰਦੁਸਤਾਨ ਵੀ ਕਿਹਾ ਜਾਂਦਾ ਹੈ।

ਸੂਤਰਾਂ ਮੁਤਾਬਕ ਮੁਖਬਿਰ ਦੀ ਸੂਚਨਾ 'ਤੇ ਐੱਸਟੀਐੱਫ ਨੇ ਸ਼ਨਿਚਰਵਾਰ ਨੂੰ ਸਿਆਲਦਾਹ ਸਟੇਸ਼ਨ ਕੰਪਲੈਕਸ਼ 'ਚ ਬਣੀ ਪਾਰਕਿੰਗ 'ਚ ਛਾਪੇਮਾਰੀ ਕਰਕੇ ਸ਼ੱਕੀ ਹਾਲਤ 'ਚ ਘੁੰਮ ਰਹੇ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਸੀ। ਇਕ ਮੋਬਾਈਲ ਫੋਨ ਵੀ ਜ਼ਬਤ ਕੀਤਾ ਗਿਆ, ਜਿਸ 'ਚੋਂ ਕੁਝ ਤਸਵੀਰਾਂ ਤੇ ਵੀਡੀਓ, ਜੇਹਾਦ ਨਾਲ ਜੁੜੇ ਸੰਦੇਸ਼, ਆਈਐੱਸਆਈਐੱਸ ਨਾਲ ਸਬੰਧਤ ਅਹਿਮ ਦਸਤਾਵੇਜ਼ ਤੇ ਕੁਝ ਸ਼ੱਕੀ ਕਿਤਾਬਾਂ ਵੀ ਜ਼ਬਤ ਕੀਤੀਆਂ ਗਈਆਂ। ਪੁੱਛਗਿੱਛ 'ਚ ਉਨ੍ਹਾਂ ਨੇ ਆਪਣੇ ਨਾਂ ਮੁਹੰਮਦ ਜਿਆਉਰ ਰਹਿਮਾਨ (44) ਨਿਵਾਸੀ ਛਾਪਈ ਜ਼ਿਲ੍ਹਾ, ਬੰਗਲਾਦੇਸ਼ ਤੇ ਰਸ਼ੀਦ (33) ਨਿਵਾਸੀ ਰੰਗਪੁਰ ਜ਼ਿਲ੍ਹਾ, ਬੰਗਲਾਦੇਸ਼ ਦੱਸੇ ਹਨ। ਕੁਝ ਮਹੀਨੇ ਪਹਿਲਾਂ ਦੋਵੇਂ ਗ਼ੈਰ ਕਾਨੂੰਨੀ ਤੌਰ 'ਤੇ ਕੌਮਾਂਤਰੀ ਸਰਹੱਦ ਪਾਰ ਕਰ ਕੇ ਭਾਰਤ ਪੁੱਜੇ ਸਨ। ਉਕਤ ਦੋਵਾਂ ਤੋਂ ਮੈਰਾਥਨ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਦੇ ਦੋ ਹੋਰ ਮੈਂਬਰਾਂ ਦੇ ਸੁਰਾਗ ਮਿਲੇ। ਇਸ ਤੋਂ ਬਾਅਦ ਐੱਸਟੀਐੱਫ ਨੇ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਮੰਗਲਵਾਰ ਤੜਕੇ ਹਾਵੜਾ ਸਟੇਸ਼ਨ ਕੰਪਲੈਕਸ 'ਚ ਛਾਪੇਮਾਰੀ ਕਰ ਕੇ ਜੇਐੱਮਬੀ ਦੇ ਹੋਰ ਦੋਵਾਂ ਮੈਂਬਰਾਂ ਨੂੰ ਵੀ ਗਿ੍ਫ਼ਤਾਰ ਕਰ ਲਿਆ।

ਤਲਾਸ਼ੀ 'ਚ ਉਨ੍ਹਾਂ ਕੋਲੋਂ ਜੇਹਾਦ ਨਾਲ ਸਬੰਧਤ ਅਹਿਮ ਦਸਤਾਵੇਜ਼, ਮਸੂਦ ਅਜ਼ਹਰ ਦੇ ਭਾਸ਼ਣ ਦੀ ਵੀਡੀਓ ਆਦਿ ਜ਼ਬਤ ਕੀਤੇ ਗਏ। ਪੁੱਛਗਿੱਛ 'ਚ ਉਨ੍ਹਾਂ ਨੇ ਆਪਣੇ ਨਾਂ ਮੁਹੰਮਦ ਸ਼ਾਹੀਨ ਆਲਮ ਉਰਫ਼ ਅਲਾਮੀਨ (23) ਨਿਵਾਸੀ ਰਾਜਸ਼ਾਲੀ ਜ਼ਿਲ੍ਹਾ ਬੰਗਲਾਦੇਸ਼ ਤੇ ਰਬੀਉੱਲ ਇਸਲਾਮ (35) ਨਿਵਾਸੀ ਵੀਰਭੂਮ, ਪੱਛਮੀ ਬੰਗਾਲ ਦੱਸਿਆ। ਪੁੱਛਗਿੱਛ 'ਚ ਪਤਾ ਲੱਗਿਆ ਕਿ ਗਿ੍ਫ਼ਤਾਰ ਬੰਗਲਾਦੇਸ਼ੀ ਨੌਜਵਾਨ ਭਾਰਤ 'ਚ ਪਨਾਹ ਲੈ ਕੇ ਅੱਤਵਾਦੀ ਸੰਗਠਨ ਲਈ ਮਾਡਿਊਲ ਤਿਆਰ ਕਰਨ ਤੇ ਪੈਸੇ ਇਕੱਠੇ ਕਰਨ ਦੇ ਕੰਮ 'ਚ ਸ਼ਾਮਿਲ ਸਨ। ਜਦਕਿ ਰਬੀਉਲ ਇਸਲਾਮ ਉਕਤ ਤਿੰਨਾਂ ਬੰਗਾਲਦੇਸ਼ੀ ਸ਼ੱਕੀ ਅੱਤਵਾਦੀਆਂ ਨੂੰ ਭਾਰਤ 'ਚ ਪਨਾਹ ਦੇਣ ਤੇ ਫੰਡ ਇਕੱਠਾ ਕਰਨ 'ਚ ਮਦਦ ਕਰਦਾ ਸੀ। ਉਹ ਲੋਕ ਡਿਜੀਟਲ ਦਸਤਾਵੇਜ਼, ਵੀਡੀਓ ਤੇ ਆਡੀਓ ਫਾਈਲਾਂ ਨਾਲ ਸੋਸ਼ਲ ਮੀਡੀਆ 'ਤੇ ਜੇਹਾਦੀ ਸਰਗਰਮੀਆਂ 'ਚ ਸਰਗਰਮ ਸਨ।