Agnipath Scheme ਜਾਗਰਣ ਬਿਊਰੋ, ਨਵੀਂ ਦਿੱਲੀ : ਭਾਰਤੀ ਹਵਾਈ ਫੌਜ (Indian Air Force) ਨੇ ਅਗਨੀਪਥ ਸਕੀਮ (Agnipath Scheme) ਤਹਿਤ ‘ਵਾਯੂਵੀਰਾਂ’ ਦੀ ਭਰਤੀ ਲਈ ਸ਼ੁੱਕਰਵਾਰ ਤੋਂ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਹੈ। ਇਸ ਸਕੀਮ ਨੂੰ ਲੈਕੇ ਚੱਲੇ ਵਿਰੋਧ ਪ੍ਰਦਰਸ਼ਨ ਦੇ ਉਲਟ ਰਜਿਸਟ੍ਰੇਸ਼ਨ ਦੇ ਪਹਿਲੇ ਦਿਨ ਨੌਜਵਾਨਾਂ ’ਚ ਭਾਰੀ ਜੋਸ਼ ਵਿਖਿਆ ਤੇ ਸ਼ਾਮ ਤਕ 3800 ਤੋਂ ਵੱਧ ਨੌਜਵਾਨਾਂ ਨੇ ਭਰਤੀ ਲਈ ਰਜਿਸਟ੍ਰੇਸ਼ਨ ਕਰਵਾਈ। ਫੌਜ ਤੇ ਨੇਵੀ ਨੇ ਵੀ ਅਗਨੀਪਥ ਸਕੀਮ ਦੇ ਤਹਿਤ ਅਗਨੀਵੀਰਾਂ ਦੀ ਭਰਤੀ ਲਈ ਨੋਟਿਸ ਜਾਰੀ ਕਰ ਦਿੱਤਾ ਹੈ ਤੇ ਛੇਤੀ ਹੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਵੀ ਸ਼ੁਰੂ ਕਰਨਗੀਆਂ।

ਅਗਨੀਪਥ ਸਕੀਮ ਖ਼ਿਲਾਫ਼ ਹੋ ਰਹੇ ਵਿਰੋਧ ਪ੍ਰਦਰਸ਼ਨ ਵਿਚਾਲੇ ਹਵਾਈ ਫੌਜ ’ਚ ਵਾਯੂਵੀਰਾਂ ਦੀ ਭਰਤੀ ਲਈ ਪਹਿਲੇ ਦਿਨ ਹੋਈ ਰਜਿਸਟ੍ਰੇਸ਼ਨ ਸਰਕਾਰ ਲਈ ਸਕਾਰਾਤਮਕ ਇਸ਼ਾਰਾ ਮੰਨਿਆ ਜਾ ਰਿਹਾ ਹੈ। ਹਵਾਈ ਫੌਜ ’ਚ ਵਾਯੂਵੀਰਾਂ ਦੀ ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ ਪੰਜ ਦੁਲਾਈ ਤਕ ਕੀਤੀ ਜਾਵੇਗੀ। ਅਗਨੀਪਥ ਸਕੀਮ ਦੇ ਐਲਾਨ ਤੋਂ ਬਾਅਦ ਭਰਤੀ ਦਾ ਨੋਟਿਸ ਉਂਝ ਤਾਂ ਤਿੰਨਾਂ ਫੌਜਾਂ ਵੱਲੋਂ ਜਾਰੀ ਹੋ ਗਿਆ ਸੀ ਪਰ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਹਵਾਈ ਫੌਜ ਨੇ ਕੀਤੀ ਹੈ।

ਪਹਿਲੇ ਸਾਲ 17.5 ਤੋਂ 23 ਸਾਲ ਦੇ ਨੌਜਵਾਨਾਂ ਦੀ ਹੋਵੇਗੀ ਭਰਤੀ

ਅਗਨੀਪਥ ਸਕੀਮ ਤਹਿਤ 17.5 ਤੋਂ ਲੈ ਕੇ 21 ਸਾਲ ਦੇ ਨੌਜਵਾਨਾਂ ਦੀ ਤਿੰਨੇ ਫੌਜਾਂ ’ਚ ਭਰਤੀ ਕੀਤੀ ਜਾਵੇਗੀ ਪਰ ਕੋਰੋਨਾ ਕਾਰਨ ਅਗਨੀਵੀਰਾਂ ਦੀ ਭਰਤੀ ਦੇ ਪਹਿਲੇ ਸਾਲ ਉਮਰ ਹੱਦ ’ਚ ਦੋ ਸਾਲ ਦੀ ਛੋਟ ਦਿੱਤੀ ਗਈ ਹੈ ਤੇ 23 ਸਾਲ ਤਕ ਦੇ ਨੌਜਵਾਨ ਵੀ ਅਪਲਾਈ ਕਰ ਸਕਦੇ ਹਨ। ਅਗਨੀਵੀਰਾਂ ਨੂੰ ਭਰਤੀ ਦੇ ਪਹਿਲੇ ਸਾਲ ਹਰ ਮਹੀਨੇ 30 ਹਜ਼ਾਰ ਰੁਪਏ ਮਿਲਣਗੇ, ਜਿਨ੍ਹਾਂ ’ਚੋਂ 9 ਹਜ਼ਾਰ ਦੀ ਕਟੌਤੀ ਕਰ ਕੇ ਉਸਨੂੰ ਸੇਵਾ ਨਿਧੀ ਫੰਡ ’ਚ ਪਾਇਆ ਜਾਵੇਗਾ ਤੇ ਸਰਕਾਰ ਵੀ 9 ਹਜ਼ਾਰ ਰੁਪਏ ਆਪਣੇ ਵੱਲੋਂ ਇਸ ਨਿਧੀ ਫੰਡ ’ਚ ਜਮ੍ਹਾ ਕਰੇਗੀ। ਚੌਥੇ ਤੇ ਆਖਰੀ ਸਾਲ ’ਚ ਅਗਨੀਵੀਰਾਂ ਨੂੰ 40 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲਣਗੇ, ਜਿਨ੍ਹਾਂ ’ਚੋਂ ਸੇਵਾ ਨਿਧੀ ਫੰਡ ਦੀ ਕਟੌਚੀ 12 ਹਜ਼ਾਰ ਰੁਪਏ ਦੀ ਹੋਵੇਗੀ ਤੇ ਸਰਕਾਰ ਵੀ ਇਸੇ ਦੇ ਬਰਾਬਰ ਰਕਮ ਜਮ੍ਹਾ ਕਰਾਵੇਗੀ। ਅਗਨੀਵੀਰ 4 ਸਾਲ ਬਾਅਦ ਜਦੋਂ ਫੌਜ ਤੋਂ ਬਾਹਰ ਆਵੇਗਾ ਤਾਂ ਉਸਨੂੰ ਸੇਵਾ ਨਿਧੀ ਦੇ ਤੌਰ ’ਤੇ 11.71 ਲੱਖ ਰੁਪਏ ਮਿਲਣਗੇ।

ਚਾਰ ਸਾਲ ਬਾਅਦ ਹਰ ਅਗਨੀਵੀਰ ਬੈਚ ਦੇ 25 ਫੀਸਦੀ ਲੋਕਾਂ ਨੂੰ ਹੀ ਫੌਜ ’ਚ ਸਥਾਈ ਨਿਯਕਤੀ ਮਿਲੇਗੀ ਤੇ ਇਸ ਦੇ ਲਈ ਉਨ੍ਹਾਂ ਨੂੰ ਫੌਜ ਦੀਆਂ ਪ੍ਰਕਿਰਿਆਵਾਂ ਦੀ ਕਸੌਟੀ ’ਤੇ ਖਰਾ ਉਤਰਨਾ ਹੋਵੇਗਾ।

ਨਵੇਂ ਭਾਰਤ ’ਚ ਦੇਸ਼ ਦੇ ‘ਹੀਰੋ’ ਦੀ ਨਹੀਂ, ‘ਮਿੱਤਰਾਂ’ ਦੀ ਸੁਣੀ ਜਾ ਰਹੀ : ਰਾਹੁਲ

ਸਮਾਚਾਰ ਏਜੰਸੀ ਪੀਟੀਆਈ ਅਨੁਸਾਰ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅਗਨੀਪਥ ਸਕੀਮ ਦੀ ਨਿਖੇਧੀ ਕਰਦੇ ਹੋਏ ਪਰਮਵੀਰ ਚੱਕਰ ਜੇਤੂ ਕੈਪਟਨ ਬਨਾ ਸਿੰਘ ਦੀ ਟਵੀਟ ਸਾਂਝਾ ਕੀਤਾ ਤੇ ਕਿਹਾ ਕਿ ਨਵੇਂ ਭਾਰਤ ’ਚ ‘ਹੀਰੋ’ ਦੀ ਨਹੀਂ, ਸਿਰਫ ‘ਮਿੱਤਰਾਂ’ ਦੀ ਸੁਣਵਾਈ ਹੋ ਰਹੀ ਹੈ। ਬਨਾ ਸਿੰਘ ਨੇ ਸਕੀਮ ਦੀ ਨਿਖੇਧੀ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹਮਲਾ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਇਕ ਪਾਸੇ ਪ੍ਰਧਾਨ ਮੰਤਰੀ ਦਾ ਹੰਕਾਰ ਤੇ ਤਾਨਾਸ਼ਾਹੀ ਹੈ ਤੇ ਦੂਜੇ ਪਾਸੇ ‘ਪਰਮਵੀਰ’ ਹਨ।

ਤੇਲੰਗਾਨਾ ਕਾਂਗਰਸ ਨੇ ਪ੍ਰਦਰਸ਼ਨਕਾਰੀਆਂ ਦੇ ਕੇਸ ਵਾਪਸ ਲੈਣ ਦੀ ਕੀਤੀ ਮੰਗ

ਏਐੱਨਆਈ ਮੁਤਾਬਕ ਤੇਲੰਗਾਨਾ ਕਾਂਗਰਸ ਦੇ ਆਗੂ ਮੱਲੂ ਰਵੀ ਨੇ ਅਗਨੀਪਥ ਸਕੀਮ ਦੇ ਵਿਰੋਧ ’ਚ 17 ਜੂਨ ਨੂੰ ਸਿਕੰਦਰਾਬਾਦ ਰੇਲਵੇ ਸਟੇਸ਼ਨ ’ਤੇ ਹੋਏ ਹਿੰਸਕ ਪ੍ਰਦਰਸ਼ਨ ਦੇ ਸਬੰਧ ’ਚ ਪ੍ਰਦਰਸ਼ਕਾਰੀਆਂ ਖ਼ਿਲਾਫ਼ ਦਰਜ ਮਾਮਲਿਆਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਰਵੀ ਨੇ ਕਿਹਾ ਕਿ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਇਕ ਪਾਸੇ ਹਿੰਸਕ ਪ੍ਰਦਰਸ਼ਨ ਦੌਰਾਨ ਮਾਰੇ ਗਏ ਨੌਜਵਾਨ ਦੇ ਪਰਿਵਾਰ ਨੂੰ 25 ਲੱਖ ਰੁਪਏ ਦੀ ਮਦਦ ਕਰਦੇ ਹਨ ਤੇ ਦੂਜੇ ਪਾਸੇ ਸੂਬੇ ਦੀ ਪੁਲਿਸ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰਦੀ ਹੈ। ਇਸ ਨਾਲ ਉਨ੍ਹਾਂ ਦਾ ਦੋਗਲਾਪਣ ਸਾਹਮਣੇ ਆਉਂਦਾ ਹੈ।

Posted By: Seema Anand