ਨਵੀਂ ਦਿੱਲੀ (ਪੀਟੀਆਈ) : ਫਰਾਂਸ ਤੋਂ ਪਹਿਲੇ ਚਾਰ ਰਾਫੇਲ ਜਹਾਜ਼ਾਂ ਦੇ ਜੁਲਾਈ ਦੇ ਆਖਰੀ ਹਫਤੇ ਤਕ ਭਾਰਤ ਪੁੱਜਣ ਦੀ ਸੰਭਾਵਨਾ ਹੈ। ਇਨ੍ਹਾਂ ਜਹਾਜ਼ਾਂ ਨੇ ਮਈ ਦੇ ਪਹਿਲੇ ਹਫਤੇ 'ਚ ਭਾਰਤ ਪੁੱਜਣਾ ਸੀ ਪਰ ਕੋਰੋਨਾ ਮਹਾਮਾਰੀ ਕਾਰਨ ਉਨ੍ਹਾਂ ਦੇ ਆਗਮਨ 'ਚ ਕਰੀਬ 11 ਹਫਤੇ ਦੀ ਦੇਰੀ ਹੋ ਰਹੀ ਹੈ। ਸਰਕਾਰੀ ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਭਾਰਤ ਨੇ 36 ਰਾਫੇਲ ਜੰਗੀ ਜਹਾਜ਼ ਖਰੀਦਣ ਲਈ ਸਤੰਬਰ, 2016 'ਚ ਫਰਾਂਸ ਦੇ ਨਾਲ ਕਰੀਬ 58 ਹਜ਼ਾਰ ਕਰੋੜ ਦਾ ਅੰਤਰ ਸਰਕਾਰੀ ਸਮਝੌਤਾ ਕੀਤਾ ਸੀ। ਇਹ ਜਹਾਜ਼ ਕਈ ਤਰ੍ਹਾਂ ਦੇ ਸ਼ਕਤੀਸ਼ਾਲੀ ਹਥਿਆਰਾਂ ਨਾਲ ਲੈਸ ਹੋਣਗੇ। ਇਨ੍ਹਾਂ 'ਚ ਯੂਰਪੀ ਮਿਜ਼ਾਈਲ ਨਿਰਮਾਤਾ ਐੱਮਬੀਡੀਏ ਵਲੋਂ ਬਣਾਏ ਮਟੀਅਰ ਬਿਆਂਡ ਵਿਜ਼ੁਅਲ ਰੇਂਜ ਏਅਰ ਟੂ ਏਅਰ ਮਿਜ਼ਾਈਲ ਤੇ ਸਕੈਲਪ ਕ੍ਰੂਜ਼ ਮਿਜ਼ਾਈਲ ਸ਼ਾਮਲ ਹਨ। ਮੀਟੀਅਰ ਅਗਲੀ ਪੀੜ੍ਹੀ ਦਾ ਬਿਆਂਡ ਵਿਜ਼ੁਅਲ ਰੇਂਜ ਮਿਜ਼ਾਈਲ ਹੈ ਜਿਸ ਨੂੰ ਹਵਾ 'ਚ ਲੜਾਈ 'ਚ ਕ੍ਰਾਂਤੀਕਾਰੀ ਬਦਲਾਅ ਦੇ ਮਕਸਦ ਨਾਲ ਡਿਜ਼ਾਈਨ ਕੀਤਾ ਗਿਆ ਹੈ। ਇਸ ਨੂੰ ਬਰਤਾਨੀਆ, ਜਰਮਨੀ, ਇਟਲੀ, ਫਰਾਂਸ, ਸਪੇਨ ਤੇ ਸਵੀਡਨ ਦੇ ਸਾਂਝੇ ਖ਼ਤਰਿਆਂ ਨਾਲ ਲੜਾਈ ਲਈ ਵਿਕਸਤ ਕੀਤਾ ਗਿਆ ਹੈ।