ਨਈ ਦੁਨੀਆ, ਸੁਕਮਾ : ਛੱਤੀਸਗੜ੍ਹ 'ਚ ਸੁਕਮਾ ਜ਼ਿਲ੍ਹੇ ਦੇ ਧੁਰ ਨਕਸਲੀ ਇਲਾਕੇ ਜਗਰਗੁੰਡਾ ਦੇ ਜੰਗਲ 'ਚ ਬੁੱਧਵਾਰ ਸਵੇਰੇ ਨਕਸਲੀਆਂ ਨਾਲ ਹੋਏ ਮੁਕਾਬਲੇ 'ਚ ਡੀਆਰਜੀ (ਡਿਸਟਿ੍ਕਟ ਰਿਜ਼ਰਵ ਗਾਰਡ) ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਕਰੀਬ ਦੋ ਘੰਟੇ ਤਕ ਚੱਲੇ ਮੁਕਾਬਲੇ 'ਚ ਜਵਾਨਾਂ ਨੇ ਚਾਰ ਵਰਦੀਧਾਰੀ ਨਕਸਲੀਆਂ ਨੂੰ ਢੇਰ ਕਰ ਦਿੱਤਾ। ਇਨ੍ਹਾਂ ਦੀ ਸ਼ਨਾਖ਼ਤ ਨਹੀਂ ਹੋ ਸਕੀ ਹੈ। ਇਨ੍ਹਾਂ ਦੀਆਂ ਲਾਸ਼ਾਂ ਕੋਲੋਂ ਰਾਈਫਲ ਤੇ ਬੰਦੂਕ ਸਮੇਤ ਚਾਰ ਹਥਿਆਰ ਤੇ ਹੋਰ ਸਮੱਗਰੀ ਬਰਾਮਦ ਕੀਤੀ ਗਈ ਹੈ।

ਸੁਕਮਾ ਦੇ ਐੱਸਪੀ ਸ਼ਲਭ ਸਿਨਹਾ ਨੇ ਨਕਸਲੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕੁਝ ਸਮੇਂ ਤੋਂ ਜਗਰਗੁੰਡਾ ਦੇ ਜੰਗਲੀ ਇਲਾਕਿਆਂ 'ਚ ਨਕਸਲੀਆਂ ਦੀ ਮੌਜੂਦਗੀ ਦੀ ਸੂਚਨਾ ਮਿਲ ਰਹੀ ਸੀ। ਭਾਰੀ ਮੀਂਹ ਦੇ ਬਾਵਜੂਦ ਸੀਆਰਪੀਐੱਫ, ਕੋਬਰਾ ਤੇ ਡੀਆਰਜੀ ਦੇ ਜਵਾਨਾਂ ਦੀ ਸਾਂਝੀ ਟੀਮ ਬਣਾ ਕੇ ਮੁਹਿੰਮ ਚਲਾਈ ਗਈ। ਬੁੱਧਵਾਰ ਸਵੇਰੇ ਕਰੀਬ 6.30 ਤੋਂ 8.30 ਵਜੇ ਵਿਚਾਲੇ ਜਗਰਗੁੰਡਾ ਦੇ ਜੰਗਲ 'ਚ ਡੀਆਰਜੀ ਦੀ ਟੁਕੜੀ ਨਾਲ ਨਕਸਲੀਆਂ ਦਾ ਮੁਕਾਬਲਾ ਹੋਇਆ। ਇਸ 'ਚ ਜਵਾਨਾਂ ਨੂੰ ਹਾਵੀ ਹੁੰਦਾ ਦੇਖ ਕੇ ਨਕਸਲੀ ਭੱਜਣ 'ਚ ਸਫਲ ਰਹੇ। ਬਾਅਦ 'ਚ ਮੁਕਾਬਲੇ ਵਾਲੀ ਥਾਂ ਦੀ ਤਲਾਸ਼ੀ ਲੈਣ 'ਤੇ ਚਾਰ ਨਕਸਲੀਆਂ ਦੀਆਂ ਲਾਸ਼ਾਂ ਨਾਲ ਹਥਿਆਰ ਤੇ ਹੋਰ ਸਮੱਗਰੀ ਬਰਾਮਦ ਹੋਈ। ਨਕਸਲੀਆਂ ਦੀਆਂ ਲਾਸ਼ਾਂ ਜ਼ਿਲ੍ਹਾ ਮੁੱਖ ਦਫ਼ਤਰ ਤਕ ਨਹੀਂ ਲਿਆਂਦੀਆਂ ਜਾ ਸਕੀਆਂ। ਤੇਜ਼ ਮੀਂਹ ਕਾਰਨ ਚੌਪਰ ਵੀ ਉਡਾਣ ਨਹੀਂ ਭਰ ਸਕੇ।