ਅਹਿਮਦਾਬਾਦ : ਇਕ ਕਾਰ ਵਿਚੋਂ ਸਾਢੇ ਤਿੰਨ ਕਰੋੜ ਰੁਪਏ ਦੇ ਮੁੱਲ ਦੇ ਪਾਬੰਦੀਸ਼ੁਦਾ ਨੋਟਾਂ ਨਾਲ ਪੁਲਿਸ ਨੇ ਗੁਜਰਾਤ ਦੇ ਨਵਸਾਰੀ ਜ਼ਿਲ੍ਹੇ ਵਿਚੋਂ ਚਾਰ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ। ਇਹ ਜਾਣਕਾਰੀ ਪੁਲਿਸ ਨੇ ਸੋਮਵਾਰ ਨੂੰ ਦਿੱਤੀ।

ਅਪਰਾਧ ਸ਼ਾਖਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਰਾਤ ਮੁੰਬਈ ਤੋਂ ਇਕ ਕਾਰ ਆਉਂਦੀ ਦਿਸੀ ਤਾਂ ਸ਼ੱਕ ਦੇ ਆਧਾਰ 'ਤੇ ਉਸ ਨੂੰ ਬਿਲੀਮੋਰਾ ਇਲਾਕੇ ਵਿਚ ਰੋਕਿਆ ਗਿਆ। ਕਾਰ ਦੀ ਤਲਾਸ਼ੀ ਲਏ ਜਾਣ 'ਤੇ ਉਸ ਵਿਚੋਂ 500 ਰੁਪਏ ਵਾਲੇ ਪੁਰਾਣੇ 43,400 ਨੋਟ ਮਿਲੇ। ਇਨ੍ਹਾਂ ਦੀ ਕੁਲ ਕੀਮਤ 2.16 ਕਰੋੜ ਰੁਪਏ ਬਣਦੀ ਹੈ।

ਇਸੇ ਕਾਰ ਵਿਚੋਂ ਹੀ ਬੰਦ ਹੋ ਚੁੱਕੇ 1000 ਰੁਪਏ ਵਾਲੇ 13,432 ਨੋਟ ਵੀ ਬਰਾਮਦ ਕੀਤੇ ਗਏ ਹਨ। ਇਨ੍ਹਾਂ ਦੀ ਕੀਮਤ 1.34 ਕਰੋੜ ਰੁਪਏ ਹੈ। ਇਨ੍ਹਾਂ ਸਾਰਿਆਂ ਨੋਟਾਂ ਦੀ ਕੀਮਤ 3,50,82,000 ਹੈ। ਪੁਲਿਸ ਨੇ ਇਸ ਮਾਮਲੇ ਜਿਹੜੇ ਲੋਕਾਂ ਨੂੰ ਫੜਿਆ ਹੈ ਉਨ੍ਹਾਂ ਵਿਚ ਜਿਤੇਂਦਰ, ਮੁਹੰਮਦ ਮੋਮੀਨ, ਫ਼ਕੀਰ ਮੋਟਰਵਾਲਾ ਤੇ ਅਲਤਾਫ ਸ਼ੇਖ ਸ਼ਾਮਲ ਹਨ। ਸ਼ੁਰੂਆਤੀ ਜਾਂਚ 'ਚ ਇਸ ਗੱਲ ਦਾ ਪਤਾ ਲੱਗਾ ਹੈ ਕਿ ਇਹ ਲੋਕ ਇਨ੍ਹਾਂ ਪਾਬੰਦੀਸ਼ੁਦਾ ਨੋਟਾਂ ਨੂੰ ਕਮਿਸ਼ਨ ਲਈ ਨਵਸਾਰੀ ਦੇ ਇਕ ਵਿਅਕਤੀ ਨੂੰ ਦੇਣ ਜਾ ਰਹੇ ਸਨ।