ਸਟੇਟ ਬਿਊਰੋ, ਕੋਲਕਾਤਾ : ਮਹਾਨਗਰ ਦੇ ਕੂੰਦਘਾਟ ਇਲਾਕੇ 'ਚ ਮੈਨਹੋਲ 'ਚ ਉੱਤਰੇ ਕਾਮਿਆਂ 'ਚੋਂ ਚਾਰ ਦੀ ਮੌਤ ਹੋ ਗਈ। ਹੋਰ ਤਿੰਨ ਕਾਮਿਆਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।

ਪ੍ਰਤੱਖਦਰਸ਼ੀਆਂ ਅਨੁਸਾਰ ਦੁਪਹਿਰ ਕਰੀਬ 12.30 ਵਜੇ ਕੋਲਕਾਤਾ ਨਗਰ ਨਿਗਮ ਦੇ ਵਾਰਡ ਨੰ. 144 'ਚ ਕੂੰਦਘਾਟ ਪੰਪ ਹਾਊਸ ਨੇੜੇ ਮੈਨਹੋਲ 'ਚ ਪਾਈਪ ਜੋੜਨ ਦਾ ਕੰਮ ਚੱਲ ਰਿਹਾ ਸੀ। ਸੱਤ ਠੇਕਾ ਮਜ਼ਦੂਰ ਕੰਮ ਕਰਨ ਲਈ ਮੈਨਹੋਲ 'ਚ ਉਤਰਨ ਤੋਂ ਬਾਅਦ ਅਚਾਨਕ ਗਾਇਬ ਹੋ ਗਏ। ਪਹਿਲਾਂ ਤਾਂ ਸਹਿ-ਕਾਮਿਆਂ ਨੂੰ ਸਮਝ ਨਹੀਂ ਆਇਆ ਪਰ ਕਾਫੀ ਸਮੇਂ ਤਕ ਉਨ੍ਹਾਂ ਲੋਕਾਂ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਤਾਂ ਉਹ ਘਬਰਾ ਗਏ। ਇਸ ਦੀ ਸੂਚਨਾ ਫੌਰੀ ਫਾਇਰ ਬਿ੍ਗੇਡ ਵਿਭਾਗ ਨੂੰ ਦਿੱਤੀ ਗਈ। ਆਫ਼ਤ ਪ੍ਰਬੰਧਨ ਵਿਭਾਗ ਦੇ ਲੋਕਾਂ ਨੂੰ ਵੀ ਮੌਕੇ 'ਤੇ ਸੱਦਿਆ ਗਿਆ।

ਇਸ ਤੋਂ ਬਾਅਦ ਗੋਤਾਂਖੋਰਾਂ ਨੂੰ ਵੀ ਹੇਠਾਂ ਲਾਹਿਆ ਗਿਆ ਤੇ ਭਾਲ ਸ਼ੁਰੂ ਕੀਤੀ। ਕਰੀਬ ਦੋ ਘੰਟੇ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਸੱਤਾਂ ਨੂੰ ਬਾਹਰ ਕੱਢਿਆ ਤੇ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਸੂਤਰਾਂ ਅਨੁਸਾਰ ਗੰਭੀਰ ਤੌਰ 'ਤੇ ਬਿਮਾਰ ਚਾਰ ਕਿਰਤੀਆਂ 'ਚੋਂ ਦੋ ਨੂੰ ਬਾਘਾਯਤੀਨ ਹਸਪਤਾਲ ਤੇ ਦੋ ਨੂੰ ਐੱਸਐੱਸਕੇਐੱਮ ਹਸਪਤਾਲ ਭੇਜਿਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਤਕ ਐਲਾਨਿਆ ਗਿਆ। ਤਿੰਨ ਹੋਰ ਬਾਘਾਯਤੀਨ ਹਸਪਤਾਲ 'ਚ ਦਾਖ਼ਲ ਕਰਵਾਇਆ ਹੈ। ਇਨ੍ਹਾਂ ਲੋਕਾਂ ਦੀ ਮੌਤ ਡੁੱਬਣ ਜਾਂ ਫਿਰ ਕਿਸੇ ਗੈਸ ਨਾ ਹੋਈ ਹੈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਮੁੱਢਲੀ ਪੜਤਾਲ ਦੇ ਆਧਾਰ 'ਤੇ ਡੁੱਬਣ ਨਾਲ ਮੌਤ ਹੋਣ ਦੀ ਗੱਲ ਕਹੀ ਜਾ ਰਹੀ ਹੈ।