ਨਵੀਂ ਦਿੱਲੀ (ਪੀਟੀਆਈ) : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੀਰਵਾਰ ਨੂੰ ਦੱਸਿਆ ਕਿ ਉੱਤਰੀ ਭਾਰਤ ਸਥਿਤ ਹਵਾਲਾ ਆਪ੍ਰੇਟਰਾਂ ਖ਼ਿਲਾਫ਼ ਹਾਲ ਹੀ ’ਚ ਕਈ ਸ਼ਹਿਰਾਂ ਵਿਚ ਕੀਤੀ ਗਈ ਛਾਪੇਮਾਰੀ ’ਚ 3.88 ਕਰੋੜ ਰੁਪਏ ਦੀ ਭਾਰਤੀ ਤੇ ਵਿਦੇਸ਼ੀ ਮੁਦਰਾ ਅਤੇ 24.2 ਲੱਖ ਰੁਪਏ ਦੀ ਸੋਨਾ-ਚਾਂਦੀ ਬਰਾਮਦ ਹੋਈ ਹੈ।

ਈਡੀ ਨੇ ਇਕ ਬਿਆਨ ਜਾਰੀ ਕਰਕੇ ਦੱਸਿਆ ਕਿ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ ਦੀਆਂ ਤਜਵੀਜ਼ਾਂ ਤਹਿਤ ਪਾਲ ਮਰਚੈਂਟਸ ਲਿਮਟਿਡ, ਕਵਿੱਕ ਫੋਰੈਕਸ ਲਿਮਟਿਡ, ਸੁਪਾਮਾ ਫੋਰੈਕਸ ਪ੍ਰਾਈਵੇਟ ਲਿਮਟਿਡ ਅਤੇ ਕਿਊਰੋ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਨਿਰਦੇਸ਼ਕਾਂ ਅਤੇ ਸਹਿਯੋਗੀਆਂ ਖ਼ਿਲਾਫ਼ ਚੰਡੀਗੜ੍ਹ, ਪੰਚਕੂਲਾ, ਮੋਹਾਲੀ, ਜਲੰਧਰ ਤੇ ਦਿੱਲੀ ਵਿਚ ਛਾਪੇਮਾਰੀ ਕੀਤੀ ਗਈ ਸੀ। ਇਨ੍ਹਾਂ ਕੰਪਨੀਆਂ ਨੇ ਟ੍ਰਿਪਲ ਸਟ੍ਰੀਕ ਡ੍ਰੀਮ ਹੋਲੀਡੇਜ਼, ਵੈਂਗੇਸਟਰ ਟਰੈਵਲਜ਼ ਪ੍ਰਾਈਵੇਟ ਲਿਮਟਿਡ, ਪੈਰੀਪੈਟਿਜੋ ਟਰੈਵਲਜ਼ ਪ੍ਰਾਈਵੇਟ ਲਿਮਟਿਡ, ਹਿਮਾਲਿਆ ਟੂਰਿਜ਼ਮ, ਏਜਾਕਸ ਹੋਲੀਡੇਜ਼ ਅਤੇ ਗ੍ਰੇਟ ਜਰਨੀ ਟੂਰਜ਼ ਵਰਗੀਆਂ ਨਕਲੀ ਕੰਪਨੀਆਂ ਵੱਲੋਂ ਸਿੰਗਾਪੁਰ, ਹਾਂਗਕਾਂਗ ਅਤੇ ਸੰਯੁਕਤ ਅਰਬ ਅਮੀਰਾਤ ਨੂੰ 475 ਕਰੋੜ ਰੁਪਏ ਤੋਂ ਜ਼ਿਆਦਾ ਭੇਜੇ ਸਨ।

ਈਡੀ ਦਾ ਦੋਸ਼ ਹੈ ਕਿ ਇਨ੍ਹਾਂ ਨਕਲੀ ਕੰਪਨੀਆਂ ਨੇ ਵੱਖ-ਵੱਖ ਵਿਅਕਤੀਆਂ ਦੇ ਫ਼ਰਜ਼ੀ ਪਛਾਣ ਪੱਤਰਾਂ ਦਾ ਇਸਤੇਮਾਲ ਕਰਕੇ ਯਾਤਰਾ ਸਬੰਧੀ ਲੈਣ-ਦੇਣ ਦੀ ਆੜ ਵਿਚ ਵਿਦੇਸ਼ ’ਚ ਰਕਮ ਭੇਜੀ ਸੀ। ਏਜੰਸੀ ਦਾ ਦਾਅਵਾ ਹੈ ਕਿ ਇਸ ਗ਼ੈਰ-ਕਾਨੂੰਨੀ ਰਾਸ਼ੀ ਦਾ ਰੀਅਲ ਅਸਟੇਟ ਅਤੇ ਉਨ੍ਹਾਂ ਦੀਆਂ ਐਸੋਸੀਏਟਿਡ ਕੰਪਨੀਆਂ ਦੇ ਹੋਰਨਾਂ ਕਾਰੋਬਾਰਾਂ ਵਿਚ ਨਿਵੇਸ਼ ਕੀਤਾ ਗਿਆ। ਛਾਪਿਆਂ ਦੌਰਾਨ ਈਡੀ ਨੇ ਕਈ ਦਸਤਾਵੇਜ਼, ਲੈਪਟਾਪ, ਮੋਬਾਈਲ ਫੋਨ ਅਤੇ ਜਾਇਦਾਦਾਂ ਦੇ ਦਸਤਾਵੇਜ਼ ਬਰਾਮਦ ਕੀਤੇ ਸਨ।

Posted By: Jatinder Singh