ਨਵੀਂ ਦਿੱਲੀ, ਏਜੰਸੀਆਂ : ਗਣਤੰਤਰ ਦਿਵਸ ਮੌਕੇ ਦਿੱਤੇ ਜਾਣ ਵਾਲੇ ਪਦਮ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਾਰ ਸੱਤ ਹਸਤੀਆਂ ਨੂੰ ਪਦਮ ਵਿਭੂਸ਼ਣ, 10 ਨੂੰ ਪਦਮ ਭੂਸ਼ਣ ਅਤੇ 102 ਨੂੰ ਪਦਮਸ੍ਰੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। 10 ਹਸਤੀਆਂ ਨੂੰ ਪਦਮ ਪੁਰਸਕਾਰ (ਦੇਹਾਂਤ ਉਪਰੰਤ) ਦੇਣ ਦਾ ਐਲਾਨ ਕੀਤਾ ਗਿਆ ਹੈ।

ਦੇਸ਼ ਦਾ ਦੂਜਾ ਸਰਵਉੱਚ ਨਾਗਰਿਕ ਪੁਰਸਕਾਰ ਪਦਮ ਵਿਭੂਸ਼ਣ ਪ੍ਰਾਪਤ ਕਰਨ ਵਾਲਿਆਂ ’ਚ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਅਬੇ ਅਤੇ ਗਾਇਕ ਐੱਸਪੀ ਬਾਲਾਸੁਬਰਮਣੀਅਮ (ਦੇਹਾਂਤ ਉਪਰੰਤ) ਦਾ ਵੀ ਨਾਂ ਹੈ। ਉੱਥੇ, ਅਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ (ਦੇਹਾਂਤ ਉਪਰੰਤ), ਸਾਬਕਾ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ (ਦੇਹਾਂਤ ਉਪਰੰਤ) ਅਤੇ ਸਾਬਕਾ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੂੰ ਪਦਮ ਭੂਸ਼ਣ ਨਾਲ ਨਵਾਜਿਆ ਜਾਵੇਗਾ।ਪੀਐੱਮ ਮੋਦੀ ਬੋਲੇ, ਸਨਮਾਨ ਲੈਣ ਵਾਲਿਆ ’ਤੇ ਮਾਣ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਦਮ ਪੁਰਸਕਾਰਾਂ ਦੇ ਐਲਾਨ ’ਤੇ ਟਵੀਟ ਕਰ ਕੇ ਕਿਹਾ ਕਿ ਸਾਨੂੰ ਉਨ੍ਹਾਂ ਸਾਰਿਆਂ ’ਤੇ ਮਾਣ ਹੈ, ਜਿਨ੍ਹਾਂ ਨੂੰ ਪਦਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਭਾਰਤ ਰਾਸ਼ਟਰ ਅਤੇ ਮਾਨਵਤਾ ਲਈ ਕੰਮ ਕਰਨ ਵਾਲੀਆਂ ਹਸਤੀਆਂ ਦੇ ਯੋਗਦਾਨ ਨੂੰ ਸਨਮਾਨਿਤ ਕਰਦਾ ਰਿਹਾ ਹੈ। ਜੀਵਨ ਦੇ ਵੱਖ-ਵੱਖ ਖੇਤਰਾਂ ਦੇ ਇਨ੍ਹਾਂ ਅਸਾਧਾਰਨ ਵਿਭੂਤੀਆਂ ਨੇ ਦੂਜਿਆਂ ਦੇ ਜੀਵਨ ’ਚ ਗੁਣਾਤਮਕ ਪਰਿਵਰਤਨ ਲਿਆਉਣ ਦਾ ਕੰਮ ਕੀਤਾ ਹੈ।

Posted By: Jagjit Singh