ਸਟੇਟ ਬਿਊਰੋ, ਨਵੀਂ ਦਿੱਲੀ : ਭਾਰਤ ਰਤਨ ਨਾਲ ਸਨਮਾਨਿਤ ਸਾਬਕਾ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਦੀ ਹਾਲਤ 'ਚ ਕੋਈ ਸੁਧਾਰ ਨਹੀਂ ਹੋਇਆ ਹੈ। ਇਸ ਵਜ੍ਹਾ ਨਾਲ ਉਨ੍ਹਾਂ ਨੂੰ ਹੁਣ ਵੀ ਆਰਮੀ ਆਰਆਰ (ਰਿਸਰਚ ਐਂਡ ਰੈਫਰਲ) ਹਸਪਤਾਲ ਦੇ ਆਈਸੀਯੂ 'ਚ ਵੈਂਟੀਲੇਟਰ ਸਪੋਰਟ 'ਤੇ ਰੱਖਿਆ ਗਿਆ ਹੈ।

ਸ਼ੁੱਕਰਵਾਰ ਨੂੰ ਹਸਪਤਾਲ ਨੇ ਬਿਆਨ ਜਾਰੀ ਕਰ ਕੇ ਦੱਸਿਆ ਕਿ ਸਾਬਕਾ ਰਾਸ਼ਟਰਪਤੀ ਦੀ ਸਿਹਤ ਵਿਚ ਕੋਈ ਸੁਧਾਰ ਨਹੀਂ ਹੋਇਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ। ਦੱਸਣਯੋਗ ਹੈ ਕਿ ਦਿਮਾਗ਼ 'ਚ ਖ਼ੂਨ ਦਾ ਥੱਕਾ ਬਣ ਜਾਣ ਕਾਰਨ ਉਨ੍ਹਾਂ ਨੂੰ 10 ਅਗਸਤ ਨੂੰ ਦੁਪਹਿਰ 12.07 ਵਜੇ ਗੰਭੀਰ ਹਾਲਤ 'ਚ ਹਸਪਤਾਲ 'ਚ ਦਾਖ਼ਲ ਕੀਤਾ ਗਿਆ ਸੀ। ਸਰਜਰੀ ਤੋਂ ਪਹਿਲਾਂ ਉਨ੍ਹਾਂ ਦੀ ਕੋਰੋਨਾ ਜਾਂਚ ਵੀ ਕਰਵਾਈ ਗਈ ਸੀ ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਇਸ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਦੇ ਦਿਮਾਗ਼ ਤੋਂ ਖ਼ੂਨ ਦੇ ਥੱਕੇ ਨੂੰ ਹਟਾਉਣ ਲਈ ਸਰਜਰੀ ਕੀਤੀ ਸੀ। ਉਦੋਂ ਤੋਂ ਉਹ ਆਈਸੀਯੂ 'ਚ ਹੀ ਦਾਖ਼ਲ ਹਨ।