ਸ਼ਿਮਲਾ, ਜੇਐੱਨਐੱਨ : ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਦਿੱਗਜ ਨੇਤਾ ਵੀਰਭੱਦਰ ਸਿੰਘ ਦੀ ਤਬੀਅਤ ਵਿਗੜ ਗਈ ਹੈ। ਉਨ੍ਹਾਂ ਨੂੰ ਆਈਜੀਐੱਮਸੀ 'ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਤਬੀਅਤ ਅਚਾਨਕ ਖ਼ਰਾਬ ਹੋਈ ਅਤੇ ਉਨ੍ਹਾਂ ਨੂੰ ਸਿੱਧੇ ਆਈਜੀਐੱਮਸੀ ਸ਼ਿਮਲਾ ਲਿਆਂਦਾ ਗਿਆ। ਦੱਸਿਆ ਜਾਰਿਹਾ ਹੈ ਕਿ ਵੀਰਭੱਦਰ ਸਿੰਘ ਦੇ ਆਈਜੀਐੱਮਸੀ ਸ਼ਿਮਲਾ 'ਚ ਟੈਸਟ ਹੋ ਰਹੇ ਹਨ। 88 ਸਾਲਾ ਵੀਰਭੱਦਰ ਸਿੰਘ ਇਸ ਤੋਂ ਪਹਿਲਾਂ ਵੀ ਰੁਟੀਨ ਚੈੱਕਅਪ ਲਈ ਆਈਜੀਐੱਮਸੀ ਆਉਂਦੇ ਰਹਿੰਦੇ ਹਨ ਪਰ ਅੱਜ ਅਚਾਨਕ ਤਬੀਅਤ ਖ਼ਰਾਬ ਹੋਣ 'ਤੇ ਉਨ੍ਹਾਂ ਨੂੰ ਐਮਰਜੈਂਸੀ ਹਾਲਤ 'ਚ ਹਸਪਤਾਲ ਪਹੁੰਚਾਇਆ ਗਿਆ।

ਦੱਸਿਆ ਜਾ ਰਿਹਾ ਹੈ ਕਿ ਸਾਬਕਾ ਮੁੱਖ ਮੰਤਰੀ ਨੂੰ ਸਾਹ ਲੈਣ 'ਚ ਦਿੱਕਤ ਆ ਰਹੀ ਸੀ। ਵੀਰਭੱਦਰ ਸਿੰਘ ਮੰਗਲਵਾਰ ਸਵੇਰੇ ਕਰੀਬ 11 ਵਜੇ ਜਾਂਚ ਲਈ ਆਈਜੀਐੱਮਸੀ ਪਹੁੰਚੇ। ਇਸ ਦੌਰਾਨ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦਾ ਈਸੀਜੀ ਟੈਸਟ ਕਰਵਾਇਆ। ਉਨ੍ਹਾਂ ਨੂੰ ਵ੍ਹੀਲ ਚੇਅਰ 'ਤੇ ਐਮਰਜੈਂਸੀ ਤੋਂ ਸਪੈਸ਼ਲ ਵਾਰਡ ਤਕ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦੇ ਸਾਧਾਰਨ ਟੈਸਟ ਕੀਤੇ ਜਾ ਰਹੇ ਹਨ। ਇਸ ਦੌਰਾਨ ਵੀਰਭੱਦਰ ਸਿੰਘ ਦੀ ਪਤਨੀ ਪ੍ਰਤਿਭਾ ਸਿੰਘ ਵੀ ਮੌਜੂਦ ਸੀ। ਡਾਕਟਰਾਂ ਨੇ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਹੋਣ ਦੀ ਸਲਾਹ ਦਿੱਤੀ।

Posted By: Jagjit Singh