ਨਵੀਂ ਦਿੱਲੀ : ਲੰਬੇ ਸਮੇਂ ਤੋਂ ਬਿਮਾਰ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦਾ 81 ਸਾਲ ਦੀ ਉਮਰ 'ਚ ਅੱਜ ਦੇਹਾਂਤ ਹੋ ਗਿਆ। ਉਹ ਦਿੱਲੀ ਕਾਂਗਰਸ ਦੀ ਮੌਜੂਦਾ ਪ੍ਰਧਾਨ ਵੀ ਸਨ। ਸਵੇਰੇ ਉਲਟੀ ਆਉਣ ਤੋਂ ਬਾਅਦ ਐਸਕਾਰਟਸ ਹਸਪਤਾਲ 'ਚ ਦਾਖ਼ਲ ਕਰਵਾਇਆ ਸੀ। ਉਹ 1998 ਤੋਂ 2013 ਤਕ ਲਗਾਤਾਰ 15 ਸਾਲ ਦਿੱਲੀ ਦੀ ਮੁੱਖ ਮੰਤਰੀ ਰਹੀ। ਉਨ੍ਹਾਂ ਨੂੰ ਰਾਜਨੀਤੀ 'ਚ ਤਕਰੀਬਨ 35 ਸਾਲ ਹੋ ਗਏ ਹਨ। ਉਹ ਕੇਰਲ ਦੀ ਰਾਜਪਾਲ ਵੀ ਰਹਿ ਚੁੱਕੀ ਹੈ। ਉਹ ਦਿੱਲੀ ਦੀ ਸਭ ਤੋਂ ਜ਼ਿਆਦਾ ਸਮੇਂ ਤਕ ਮੁੱਖ ਮੰਤਰੀ ਰਹੀ। 3 ਵਾਰੀ ਵਿਧਾਇਕਾ ਤੇ ਇਕ ਵਾਰੀ ਸੰਸਦ ਮੈਂਬਰ ਬਣੀ।

ਪੀਸੀ ਚਾਕੋ ਨੇ ਕੁਝ ਦਿਨ ਪਹਿਲਾਂ ਕਿਹਾ ਸੀ- ਤਬੀਅਤ ਖ਼ਰਾਬ ਹੈ ਅਰਾਮ ਕਰੋ

ਕਰੀਬ ਇਕ ਹਫ਼ਤਾ ਪਹਿਲਾਂ ਦਿੱਲੀ ਦੇ ਸੂਬਾ ਇੰਚਾਰਜ ਪੀਸੀ ਚਾਕੋ ਨੇ ਸ਼ੀਲਾ ਦੀਕਸ਼ਤ ਨਾਲ ਹੋਏ ਵਿਵਾਦ ਤੋਂ ਬਾਅਦ ਕਿਹਾ ਸੀ, 'ਤੁਹਾਡੀ ਤਬੀਅਤ ਖ਼ਰਾਬ ਹੈ। ਤੁਹਾਨੂੰ ਹੁਣ ਆਰਾਮ ਦੀ ਜ਼ਰੂਰਤ ਹੈ।' ਇਸ ਤੋਂ ਬਾਅਦ ਕਾਂਗਰਸ ਦੀ ਧੜੇਬੰਦੀ ਸਿਖਰ 'ਤੇ ਆ ਗਈ ਸੀ। ਬੀਤੇ ਮੰਗਲਵਾਰ ਸੂਬਾ ਇੰਚਰਾਜ ਪੀਸੀ ਚਾਕੋ ਨੇ ਤਿੰਨਾਂ ਕਾਰਜਕਾਰੀ ਪ੍ਰਧਾਨਾਂ ਦੇ ਅਧਿਕਾਰ ਵਧਾਏ ਤਾਂ ਬੁੱਧਵਾਰ ਨੂੰ ਦਿੱਲੀ ਕਾਂਗਰਸ ਪ੍ਰਧਾਨ ਸ਼ੀਲਾ ਦੀਕਸ਼ਿਤ ਨੇ ਚਾਕੋ ਸਮਰਥਕ ਕਾਰਜਕਾਰੀ ਪ੍ਰਧਾਨ ਹਾਰੂਨ ਯੂਸੁਫ ਅਤੇ ਦੇਵੇਂਦਰ ਯਾਦਵ ਦੇ ਖੰਭ ਕੁਤਰ ਦਿੱਤੇ ਸਨ।

Posted By: Seema Anand