ਸਟੇਟ ਬਿਊਰੋ, ਗਾਂਧੀਨਗਰ : ਗੁਜਰਾਤ ਦੇ ਓਬੀਸੀ ਨੇਤਾ ਤੇ ਸਾਬਕਾ ਵਿਧਾਇਕ ਅਲਪੇਸ਼ ਠਾਕੋਰ ਨੇ ਭਾਰਤ ਮਾਤਾ ਦੀ ਜੈ, ਵੰਦੇ ਮਾਤਰਮ ਦਾ ਨਾਅਰਾ ਲਾਉਂਦੇ ਹੋਏ ਵੀਰਵਾਰ ਨੂੰ ਭਾਜਪਾ ਦਾ ਪੱਲਾ ਫੜ ਲਿਆ।

ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ ਦੀ ਗੁਜਰਾਤ ਯਾਤਰਾ ਤੋਂ ਇਕ ਦਿਨ ਪਹਿਲਾਂ ਠਾਕੋਰ ਸੈਨਾ ਦੇ ਪ੍ਰਧਾਨ ਅਲਪੇਸ਼ ਠਾਕੋਰ ਤੇ ਸਾਬਕਾ ਵਿਧਾਇਕ ਧਵਲ ਸਿੰਘ ਝਾਲਾ ਸੈਂਕੜੇ ਸਮਰਥਕਾਂ ਨਾਲ ਸੂਬਾ ਭਾਜਪਾ ਦਫ਼ਤਰ ਸ੍ਰੀਕਮਲਮ ਪੁੱਜੇ। ਸੂਬਾ ਭਾਜਪਾ ਪ੍ਰਧਾਨ ਜੀਤੂਭਾਈ ਵਾਘਾਣੀ ਨੇ ਉਨ੍ਹਾਂ ਦਾ ਪਾਰਟੀ ਵਿਚ ਸਵਾਗਤ ਕੀਤਾ।

ਓਬੀਸੀ ਨੇਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇਸ਼ ਦੇ ਵਿਕਾਸ ਲਈ ਕੰਮ ਕਰ ਰਹੇ ਹਨ। ਉਨ੍ਹਾਂ ਸਪੱਸ਼ਟ ਤੌਰ 'ਤੇ ਕਿਹਾ ਕਿ ਗ਼ਰੀਬ ਤੇ ਆਮ ਲੋਕਾਂ ਦੀ ਸੇਵਾ ਲਈ ਸੱਤਾ ਵਿਚ ਹੋਣਾ ਜ਼ਰੂਰੀ ਹੈ। ਕਾਂਗਰਸ ਵਿਚ ਰਹਿ ਕੇ ਵੀ ਉਨ੍ਹਾਂ ਗ਼ਰੀਬ ਤੇ ਆਮ ਲੋਕਾਂ ਦੇ ਹਿੱਤ ਦੀ ਗੱਲ ਕੀਤੀ, ਪਰ ਉਥੇ ਸੁਣਨ ਵਾਲਾ ਕੋਈ ਨਹੀਂ ਹੈ। ਕਾਂਗਰਸ ਦਾ ਤਾਂ ਰਾਸ਼ਟਰੀ ਪ੍ਰਧਾਨ ਦਾ ਅਹੁਦਾ ਹੀ ਦੋ ਮਹੀਨੇ ਤੋਂ ਖ਼ਾਲੀ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਣੀ ਤੇ ਗ੍ਰਹਿ ਰਾਜ ਮੰਤਰੀ ਪ੍ਰਦੀਪ ਸਿੰਘ ਜਡੇਜਾ ਸੰਵੇਦਨਸ਼ੀਲ ਹਨ। ਉਮੀਦ ਹੈ ਕਿ ਸੂਬੇ ਵਿਚ ਸੰਪੂਰਨ ਸ਼ਰਾਬਬੰਦੀ ਤੇ ਨਸ਼ਾਬੰਦੀ ਦੀ ਦਿਸ਼ਾ ਵਿਚ ਉਹ ਜ਼ਿਕਰਯੋਗ ਕੰਮ ਕਰਨਗੇ।