ਗੁਹਾਟੀ, ਪੀਟੀਆਈ: ਅਸਾਮ ਦੇ ਸਾਬਕਾ ਮੁੱਖ ਮੰਤਰੀ ਅਤੇ ਛੇ ਵਾਰ ਸੰਸਦ ਮੈਂਬਰ ਰਹੇ ਤਰੁਣ ਗੋਗੋਈ ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ। ਅਸਾਮ ਦੇ ਸਿਹਤ ਮੰਤਰੀ ਹੇਮੰਤ ਬਿਸਵਾ ਸਰਮਾ ਨੇ ਇਹ ਜਾਣਕਾਰੀ ਦਿੱਤੀ। ਸੋਮਵਾਰ ਸਵੇਰੇ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ। ਅਸਾਮ ਦੇ ਸਿਹਤ ਮੰਤਰੀ ਹੇਮੰਦ ਬਿਸਵਾ ਸਰਮਾ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਨੇ ਗੁਹਾਟੀ ਮੈਡੀਕਲ ਕਾਲਜ 'ਚ ਸੋਮਵਾਰ ਸ਼ਾਮ 5:34 ਵਜੇ ਆਖ਼ਰੀ ਸਾਹ ਲਿਆ।

ਤਰੁਣ ਗੋਗੋਈ ਦੀ ਦੇਹ ਲੋਕਾਂ ਦੇ ਅੰਤਿਮ ਦਰਸ਼ਨਾਂ ਲਈ ਮੰਗਲਵਾਰ ਨੂੰ ਸ਼ੰਕਰਦੇਵ ਕਲਾਖੇਤਰ 'ਚ ਰੱਖੀ ਜਾਵੇਗੀ। ਉਨ੍ਹਾਂ ਦਾ ਪੂਰੀ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ। ਕੋਰੋਨਾ ਇਨਫੈਕਟਡ 84 ਸਾਲਾ ਕਾਂਗਰਸ ਆਗੂ ਦਾ ਇਲਾਜ ਗੁਹਾਟੀ ਮੈਡੀਕਲ ਕਾਲਜ 'ਚ ਚੱਲ ਰਿਹਾ ਸੀ। ਅਸਮਾ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਤਰੁਣ ਗੋਗੋਈ ਦੀ ਖ਼ਰਾਬ ਸਿਹਤ ਨੂੰ ਵੇਖਦੇ ਹੋਏ ਡਿਬਰੂਗੜ੍ਹ ਦੇ ਸਾਰੇ ਪ੍ਰੋਗਰਾਮ ਰੱਦ ਕਰਕੇ ਗੁਹਾਟੀ ਪਰਤ ਆਏ ਸਨ। ਉਨ੍ਹਾਂ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ।

ਹਸਪਤਾਲ ਪਹੁੰਚੇ ਕਈ ਆਗੂ

ਏਆਈਯੂਡੀਐੱਫ ਦੇ ਮੁਖੀ ਬਦਰੂਦੀਨ ਅਜਮਲ ਅਤੇ ਅਸਾਮ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਿਪੁਨ ਬੋਰਾ ਨੇ ਅਸਾਮ ਦੇ ਸਾਬਕਾ ਸੀਐੱਮ ਤਰੁਣ ਗੋਗੋਈ ਦੀ ਸਿਹਤ ਦੀ ਜਾਂਚ ਕਰਨ ਲਈ ਸੋਮਵਾਰ ਨੂੰ ਗੁਹਾਟੀ ਮੈਡੀਕਲ ਕਾਲਜ ਹਸਪਤਾਲ ਦਾ ਦੌਰਾ ਕੀਤਾ।

ਸੋਮਵਾਰ ਸਵੇਰੇ ਗੁਹਾਟੀ ਮੈਡੀਕਲ ਕਾਲਜ ਹਸਪਤਾਲ ਦੇ ਮੁਖੀ ਅਭਿਜੀਤ ਸਰਮਾ ਨੇ ਦੱਸਿਆ ਕਿ 80 ਸਾਲ ਦੀ ਉਮਰ ਪਾਰ ਕਰ ਚੁੱਕੇ ਸੀਨੀਅਰ ਕਾਂਗਰਸ ਨੇਤਾ ਕੋਰੋਨਾ ਵਾਇਰਸ ਨਾਲ ਜੁੜੀਆਂ ਸਮੱਸਿਆਵਾਂ ਕਾਰਨ ਆਪਣਾ ਇਲਾਜ ਕਰਵਾ ਰਹੇ ਸਨ। ਨੌਂ ਡਾਕਟਰਾਂ ਦੀ ਇਕ ਟੀਮ ਉਨ੍ਹਾਂ ਦੀ ਦੇਖਭਾਲ ਕਰ ਰਹੀ ਸੀ।

Posted By: Jagjit Singh