ਨਵੀਂ ਦਿੱਲੀ : ਸੀਬੀਆਈ ਮਾਮਲੇ 'ਤ ਸਾਬਕਾ ਸੀਜੇਆਈ ਆਰਐੱਮ ਲੋਢਾ (R M Lodha) ਨੇ ਕਿਹਾ ਕਿ ਜਾਂਚ ਏਜੰਸੀਆਂ ਨੂੰ ਸਿਆਸਤ ਤੋਂ ਵੱਖ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਪ੍ਰਮੁੱਖ ਜਾਂਚ ਏਜੰਸੀਆਂ ਨੂੰ ਆਜ਼ਾਦੀ ਦਿੱਤੀ ਜਾਣੀ ਚਾਹੀਦੀ ਹੈ। ਹੁਣ ਸਮਾਂ ਆ ਗਿਆ ਹੈ ਕਿ ਇਨ੍ਹਾਂ ਨੂੰ ਸਿਆਸੀ ਤੰਤਰ ਤੋਂ ਅਲੱਗ ਕੀਤਾ ਜਾਵੇ, ਜਦੋਂ ਤਕ ਰਾਜਨੀਤੀ ਨਾਲ ਇਹ ਜੁੜੀਆਂ ਰਹਿਣਗੀਆਂ, ਉਦੋਂ ਤਕ ਅਜਿਹੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਰਹਿਣਗੀਆਂ।


ਜ਼ਿਕਰਯੋਗ ਹੈ ਕਿ ਸੀਬੀਆਈ ਦੇ ਸਾਬਕਾ ਡਾਇਰੈਕਟਰ ਆਲੋਕ ਵਰਮਾ ਨੇ ਸ਼ੁੱਕਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਸੀਬੀਆਈ ਚੀਫ਼ ਅਹੁਦੇ ਤੋਂ ਹਟਾ ਕੇ ਆਲੋਕ ਵਰਮਾ (Alok Verma) ਨੂੰ ਫਾਇਰ ਸਰਵਿਸਿਜ਼ ਦਾ ਡੀਜੀ ਬਣਾਇਆ ਗਿਆ ਸੀ। ਇਧਰ ਆਲੋਕ ਵਰਮਾ ਵੱਲੋਂ ਜਾਰੀ ਕੀਤੇ ਗਏ ਸਾਰੇ ਟਰਾਂਸਫਰ ਆਦੇਸ਼ਾਂ ਨੂੰ ਸੀਬੀਆਈ ਦੇ ਅੰਤਰਿਮ ਚੀਫ਼ ਨਾਗੇਸ਼ਵਰ ਰਾਓ ਨੇ ਪਲਟ ਦਿੱਤਾ ਹੈ।


ਕਾਬਿਲੇਗ਼ੌਰ ਹੈ ਕਿ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲਣ ਤੋਂ ਬਾਅਦ ਦੋ ਦਿਨ ਪਹਿਲਾਂ ਹੀ ਆਲੋਕ ਵਰਮਾ ਨੇ ਸੀਬੀਆਈ ਡਾਇਰੈਕਟਰ ਦਾ ਅਹੁਦਾ ਸੰਭਾਲਿਆ ਸੀ ਪਰ ਪ੍ਰਧਾਨ ਮੰਤਰੀ ਦੀ ਮੌਜੂਦਗੀ ਵਾਲੀ ਉੱਚ ਪੱਧਰੀ ਚੋਣ ਕਮੇਟੀ ਨੇ ਉਨ੍ਹਾਂ ਨੂੰ ਦੁਬਾਰਾ ਅਹੁਦੇ ਤੋਂ ਹਟਾਉਣ ਦਾ ਫ਼ੈਸਲਾ ਕੀਤਾ। ਇਨ੍ਹਾਂ ਦੋ ਦਿਨਾਂ ਅੰਦਰ ਆਲੋਕ ਵਰਮਾ ਨੇ ਕਈ ਟਰਾਂਸਫਰ ਦੇ ਫ਼ੈਸਲੇ ਕੀਤੇ, ਜਿਨ੍ਹਾਂ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ।

Posted By: Seema Anand