ਜੇਐੱਨਐੱਨ, ਬਾਗ਼ਪਤ : ਬਾਗ਼ਪਤ 'ਚ ਦੋ ਸਾਲ ਪੁਰਾਣੇ ਵਿਵਾਦ ਦੀ ਰੰਜਿਸ਼ 'ਚ ਪੰਜ ਬਦਮਾਸ਼ਾਂ ਨੇ ਦੇਸੀ ਪਿਸਤੌਲ ਨਾਲ ਗੋਲ਼ੀ ਮਾਰ ਕੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਦੀ ਹੱਤਿਆ ਕਰ ਦਿੱਤੀ। ਵਾਰਦਾਤ ਦੇ ਵਕਤ ਉਹ ਸਵੇਰ ਦੀ ਸੈਰ 'ਤੇ ਗਿਆ ਸੀ। ਮੁਲਜ਼ਮਾਂ ਦੀ ਗਿ੍ਫ਼ਤਾਰੀ ਲਈ ਪੁਲਿਸ ਦੀਆਂ ਪੰਜ ਟੀਮਾਂ ਦਾ ਗਠਨ ਕੀਤਾ ਗਿਆ ਹੈ। ਡੀਜੀਪੀ ਨੇ ਟਵੀਟ ਕਰ ਕੇ ਛਪਰੌਲੀ ਇੰਸਪੈਕਟਰ ਦਿਨੇਸ਼ ਚਿਕਾਰਾ ਨੂੰ ਮੁਅੱਤਲ ਕਰ ਦਿੱਤਾ ਹੈ। ਮੁੱਖ ਮੰਤਰੀ ਆਦਿੱਤਿਆਨਾਥ ਯੋਗੀ ਨੇ 24 ਘੰਟਿਆਂ 'ਚ ਪਰਦਾਫਾਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੰਗਲਵਾਰ ਸਵੇਰੇ ਛੇ ਵਜੇ ਘਰ ਤੋਂ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ 53 ਸਾਲਾ ਸੰਜੇ ਖੋਖਰ ਤੇ ਉਨ੍ਹਾਂ ਦਾ ਪੁੱਤਰ ਅਕਸ਼ੈ ਸੈਰ ਲਈ ਗਏ ਸਨ। ਪਰਤਦੇ ਸਮੇਂ ਛੋਟਾ ਪੁੱਤਰ ਆਪਣੇ ਖੇਤਾਂ ਤੋਂ ਥੋੜ੍ਹਾ ਅੱਗੇ ਨਿਕਲ ਗਿਆ। ਇਸ ਦੌਰਾਨ ਕੁਝ ਬਦਮਾਸ਼ਾਂ ਨੇ ਸੰਜੇ ਨੂੰ ਘੇਰ ਲਿਆ ਤੇ ਦੇਸੀ ਪਿਸਤੌਲਾਂ ਨਾਲ ਦੋ ਗੋਲ਼ੀਆਂ ਮਾਰ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ। ਆਈਜੀ ਮੇਰਠ ਪ੍ਰਵੀਨ ਕੁਮਾਰ, ਐੱਸਪੀ ਅਜੇ ਕੁਮਾਰ ਸਿੰਘ ਨੇ ਮੌਕੇ ਮੁਆਇਨਾ ਕੀਤਾ। ਪੋਸਟਮਾਰਟਮ ਹਾਊਸ 'ਤੇ ਕੇਂਦਰੀ ਰਾਜ ਮੰਤਰੀ ਸੰਜੀਵ ਬਾਲਿਆਨ, ਸੰਸਦ ਮੈਂਬਰ ਡਾ. ਸਤਿਆਪਾਲ ਸਿੰਘ ਤੇ ਵਿਧਾਇਕ ਯੋਗੇਸ਼ ਧਾਮਾ ਸਮੇਤ ਹੋਰ ਭਾਜਪਾਈ ਪੁੱਜੇ। ਪੋਸਟਮਾਰਟਮ ਤੋਂ ਬਾਅਦ ਛਪਰੌਲੀ 'ਚ ਯਮੁਨਾ ਘਾਟ 'ਤੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।