ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਖ਼ਿਲਾਫ਼ ਜੰਗ 'ਚ ਭਾਰਤ ਦੀ ਤਸਵੀਰ ਦੋਹਰੀ ਹੈ। ਇਕ ਪਾਸੇ ਨਵੇਂ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ ਤਾਂ ਇਨਫੈਕਟਿਡ ਮਰੀਜ਼ਾਂ ਦੇ ਠੀਕ ਹੋਣ ਦੀ ਰਫ਼ਤਾਰ ਵੀ ਲਗਾਤਾਰ ਬਿਹਤਰ ਹੋ ਰਹੀ ਹੈ। ਦੇਸ਼ 'ਚ ਬੀਤੇ 24 ਘੰਟਿਆਂ 'ਚ ਪਹਿਲੀ ਵਾਰ 62 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਨਫੈਕਟਿਡਾਂ ਦਾ ਅੰਕੜਾ 20 ਲੱਖ ਤੋਂ ਪਾਰ ਹੋ ਗਿਆ ਹੈ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਇਸ ਬਿਮਾਰੀ ਤੋਂ ਉਭਰਨ ਵਾਲੇ ਮਰੀਜ਼ਾਂ ਦੀ ਗਿਣਤੀ 13.78 ਲੱਖ ਹੋ ਗਈ ਹੈ।

ਸਿਰਫ ਦੋ ਦਿਨ ਪਹਿਲਾਂ ਹੀ ਕੋਰੋਨਾ ਵਾਇਰਸ ਦੇ ਮਾਮਲਿਆਂ ਦਾ ਅੰਕੜਾ 19 ਲੱਖ ਤੋਂ ਪਾਰ ਪੁੱਜਾ ਸੀ। ਦੇਸ਼ 'ਚ ਕੋਰੋਨਾ ਦੇ ਮਾਮਲਿਆਂ ਨੂੰ ਇਕ ਲੱਖ ਪੁੱਜਣ 'ਚ 110 ਦਿਨ ਦਾ ਵਕਤ ਲੱਗਾ ਸੀ ਤੇ 59 ਦਿਨ 'ਚ ਇਹ ਅੰਕੜਾ 10 ਲੱਖ ਤੋਂ ਪਾਰ ਚਲਾ ਗਿਆ ਪਰ ਇਨਫੈਕਸ਼ਨ ਦੇ ਮਾਮਲਿਆਂ ਨੂੰ 10 ਤੋਂ 20 ਲੱਖ ਤਕ ਪੁੱਜਣ 'ਚ ਸਿਰਫ 21 ਦਿਨ ਲੱਗੇ। ਇਹ ਲਗਾਤਾਰ ਨੌਵਾਂ ਦਿਨ ਹੈ ਜਦੋਂ ਕੋਰੋਨਾ ਦੇ ਇਕ ਦਿਨ 'ਚ 50 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।

ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਸਵੇਰੇ ਅੱਠ ਵਜੇ ਅਪਡੇਟ ਕੀਤੇ ਗਏ ਅੰਕੜਿਆਂ ਅਨੁਸਾਰ ਇਕ ਦਿਨ 'ਚ ਕੋਰੋਨਾ ਦੇ 62,538 ਮਾਮਲੇ ਆਉਣ ਨਾਲ ਇਨਫੈਕਸ਼ਨ ਦੇ ਕੁਲ ਮਾਮਲੇ 20 ਲੱਖ 27 ਹਜ਼ਾਰ 74 'ਤੇ ਪੁੱਜ ਗਏ ਹਨ। ਬੀਤੇ 24 ਘੰਟਿਆਂ 'ਚ 886 ਹੋਰ ਲੋਕਾਂ ਦੇ ਇਸ ਲਾਗ ਵਾਲੀ ਬਿਮਾਰੀ ਕਾਰਨ ਦਮ ਤੋੜਨ ਨਾਲ ਮਿ੍ਤਕਾਂ ਦੀ ਕੁਲ ਗਿਣਤੀ 41,585 ਹੋ ਗਈ ਹੈ। ਨਾਲ ਹੀ ਇਸ ਦੌਰਾਨ ਕੋਰੋਨਾ ਵਾਇਰਸ ਇਨਫੈਕਸ਼ਨ ਤੋਂ ਉਭਰਨ ਵਾਲੇ ਮਰੀਜ਼ਾਂ ਦੀ ਗਿਣਤੀ ਵੱਧ ਕੇ ਸ਼ੁੱਕਰਵਾਰ ਨੂੰ 13 ਲੱਖ 78 ਹਜ਼ਾਰ 105 ਹੋ ਗਈ ਹੈ। ਅਰਥਾਤ ਦੇਸ਼ 'ਚ ਸਿਹਤਮੰਦ ਹੋਣ ਵਾਲੇ ਮਰੀਜ਼ਾਂ ਦੀ ਦਰ 67.98 ਫ਼ੀਸਦੀ ਹੈ। ਸਰਗਰਮ ਮਾਮਲੇ ਛੇ ਲੱਖ ਸੱਤ ਹਜ਼ਾਰ 384 ਰਹਿ ਗਏ ਹਨ, ਜੋ ਇਨਫੈਕਸ਼ਨ ਦੇ ਕੁਲ ਮਾਮਲਿਆਂ ਦਾ 29.96 ਫ਼ੀਸਦੀ ਹੈ। ਮਰਨ ਵਾਲੇ ਲੋਕਾਂ ਦੀ ਦਰ ਡਿੱਗ ਕੇ 2.07 ਫ਼ੀਸਦੀ ਰਹਿ ਗਈ ਹੈ।

ਭਾਰਤੀ ਮੈਡੀਕਲ ਖੋਜ ਪ੍ਰਰੀਸ਼ਦ (ਆਈਸੀਐੱਮਆਰ) ਅਨੁਸਾਰ ਛੇ ਅਗਸਤ ਤਕ ਕੋਰੋਨਾ ਲਈ 2 ਕਰੋੜ 27 ਲੱਖ 88 ਹਜ਼ਾਰ 393 ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚ ਛੇ ਲੱਖ 39 ਹਜ਼ਾਰ 42 ਨਮੂਨਿਆਂ ਦੀ ਜਾਂਚ ਵੀਰਵਾਰ ਨੂੰ ਕੀਤੀ ਗਈ।

ਉਥੇ, ਸੂਬਿਆਂ-ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਪੀਟੀਆਈ ਤੇ ਹੋਰ ਸਰੋਤਾਂ ਤੋਂ ਰਾਤ ਅੱਠ ਵਜੇ ਤਕ ਮਿਲੀਆਂ ਸੂਚਨਾਵਾਂ ਮੁਤਾਬਕ ਵੀਰਵਾਰ ਦੇਰ ਰਾਤ ਤੋਂ ਹੁਣ ਤਕ 24,467 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਕੁਲ ਇਨਫੈਕਟਿਡਾਂ ਦੀ ਗਿਣਤੀ ਵੱਧ ਕੇ 20 ਲੱਖ 44 ਹਜ਼ਾਰ 397 ਹੋ ਗਈ ਹੈ। ਇਸ ਦੌਰਾਨ 19,441 ਮਰੀਜ਼ ਠੀਕ ਵੀ ਹੋਏ ਹਨ ਤੇ ਸਿਹਤਮੰਦ ਹੋਣ ਵਾਲੇ ਲੋਕਾਂ ਦੀ ਗਿਣਤੀ 13 ਲੱਖ 89 ਹਜ਼ਾਰ 788 ਹੋ ਗਈ ਹੈ। ਸਰਗਰਮ ਮਾਮਲੇ ਛੇ ਲੱਖ 12 ਹਜ਼ਾਰ 744 ਰਹਿ ਗਏ ਹਨ। ਇਸ ਮਹਾਮਾਰੀ ਨੇ ਹੁਣ ਤਕ 41,865 ਮਰੀਜ਼ਾਂ ਦੀ ਜਾਨ ਵੀ ਲੈ ਲਈ ਹੈ। ਸ਼ੁੱਕਰਵਾਰ ਨੂੰ 292 ਲੋਕਾਂ ਦੀ ਮੌਤ ਹੋਈ, ਜਿਸ 'ਚ ਸਭ ਤੋਂ ਜ਼ਿਆਦਾ ਮਹਾਰਾਸ਼ਟਰ 'ਚ 300, ਕਰਨਾਟਕ 'ਚ 101, ਆਂਧਰ ਪ੍ਰਦੇਸ਼ 'ਚ 89, ਗੁਜਰਾਤ 'ਚ 22 ਤੇ ਗੋਆ 'ਚ ਚਾਰ ਮੌਤਾਂ ਸ਼ਾਮਲ ਹਨ।

ਸਿਹਤ ਮੰਤਰਾਲੇ ਤੇ ਹੋਰ ਸਰੋਤਾਂ ਤੋਂ ਮਿਲੇ ਅੰਕੜਿਆਂ 'ਚ ਫਰਕ ਦਾ ਕਾਰਨ ਸੂਬਿਆਂ ਤੇ ਕੇਂਦਰ ਨੂੰ ਮਿਲਣ ਵਾਲੀਆਂ ਸੂਚਨਾਵਾਂ 'ਚ ਦੇਰੀ ਹੈ। ਇਸ ਤੋਂ ਇਲਾਵਾ ਕਈ ਏਜੰਸੀਆਂ ਸਿੱਧਾ ਸੂਬਿਆਂ ਤੋਂ ਅੰਕੜੇ ਲੈ ਕੇ ਜਾਰੀ ਕਰਦੀਆਂ ਹਨ।