ਸੰਜੇ ਮਿਸ਼ਰ, ਨਵੀਂ ਦਿੱਲੀ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਾਂਗਰਸ ਲਈ ਨਵੀਂ ਚੁਣੌਤੀ ਹੋਵੇਗੀ। ਕੈਪਟਨ ਭਾਵੇਂ ਹੀ ਆਪਣੇ ਰਾਜਨੀਤਕ ਕੈਰੀਅਰ ਦੇ ਢਲਾਣ ’ਤੇ ਹਨ, ਪਰ ਇਹ ਹਕੀਕਤ ਵੀ ਹੈ ਕਿ ਸੂਬੇ ਵਿਚ ਉਨ੍ਹਾਂ ਦੀ ਸ਼ਖ਼ਸੀਅਤ ਦੀ ਇਕ ਅਪੀਲ ਰਹੀ ਹੈ। ਚੋਣਾਂ ਵਿਚ ਉਨ੍ਹਾਂ ਦੀ ਇਹ ਸਿਆਸੀ ਅਪੀਲ ਕਾਂਗਰਸ ਦੇ ਸੱਤਾ ਦੇ ਰਸਤੇ ਵਿਚ ਕੰਡੇ ਬੀਜ ਸਕਦੀ ਹੈ। ਖ਼ਾਸ ਕਰ ਕੇ ਇਹ ਦੇਖਦੇ ਹੋਏ ਕਿ ਬੀਤੇ ਕਰੀਬ ਢਾਈ ਦਹਾਕਿਆਂ ਦੌਰਾਨ ਜਿਨ੍ਹਾਂ ਕੁਝ ਸੂਹਿਬਆਂ ਵਿਚ ਕਾਂਗਰਸ ਦੇ ਵੱਡੇ ਖੇਤਰੀ ਆਗੂਆਂ ਨੇ ਬਗ਼ਾਵਤ ਕਰ ਕੇ ਪਾਰਟੀ ਛੱਡੀ, ਉਨ੍ਹਾਂ ਸੂਬਿਆਂ ਵਿਚ ਪਾਰਟੀ ਦਾ ਰਾਜਨੀਤੀ ਹਾਸ਼ੀਏ ’ਤੇ ਚੱਲੀ ਗਈ। ਬੰਗਾਲ ਵਿਚ ਮਮਤਾ ਬੈਨਰਜੀ, ਮਹਾਰਾਸ਼ਟਰ ਵਿਚ ਸ਼ਰਦ ਪਵਾਰ ਤੇ ਆਂਧਰਾ ਪ੍ਰਦੇਸ਼ ਵਿਚ ਜਗਨ ਮੋਹਨ ਰੈਡੀ ਇਸਦੇ ਉਦਾਹਰਣ ਹਨ।

ਪੰਜਾਬ ਕਾਂਗਰਸ ਦਾ ਮਜ਼ਬੂਤ ਗੜ੍ਹ ਰਿਹਾ ਹੈ ਤੇ ਅਗਲੀਆਂ ਚੋਣਾਂ ਵਿਚ ਵੀ ਅਜੇ ਤਕ ਪਾਰਟੀ ਸੱਤਾ ਦੀ ਦੌੜ ਵਿਚ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਹੈ। ਅਕਾਲੀ ਦਲ ਦੇ ਸਾਹਮਣੇ ਸਾਖ ਦਾ ਸੰਕਟ ਹੋਣ ਤੇ ਆਮ ਆਦਮੀ ਪਾਰਟੀ ਕੋਲ ਚਿਹਰਾ ਨਹੀਂ ਹੋਣ ਦਾ ਕਾਂਗਰਸ ਚੋਣਾਂ ਵਿਚ ਆਪਣੇ ਲਈ ਵਧੀਆ ਹਾਲਾਤ ਮੰਨ ਰਹੀ ਹੈ, ਪਰ ਕੈਪਟਨ ਦੇ ਕਾਂਗਰਸ ਛੱਡ ਕੇ ਨਵੀਂ ਪਾਰਟੀ ਦੇ ਬੈਨਰ ਹੇਠ ਚੋਣਾਂ ਵਿਚ ਕੂਦਣ ਦਾ ਐਲਾਨ ਕਾਂਗਰਸ ਦੇ ਇਸ ਵਧੀਆ ਮਾਹੌਲ ਲਈ ਚੁਣੌਤੀ ਬਣੇਗੀ ਹੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੱਤਾ ਦੀ ਗੱਡੀ ਨੂੰ ਚੋਣ ਸਪੀਡ ਵਿਚ ਤਾਂ ਪਾ ਦਿੱਤਾ ਹੈ, ਪਰ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਅਜੇ ਤਕ ਜਾਰੀ ਡਾਂਵਾਡੋਲ ਰਵੱਈਏ ਨੇ ਪਾਰਟੀ ਦੀ ਚੋਣ ਰਫਤਾਰ ਨੂੰ ਰੋਕ ਰੱਖਿਆ ਹੈ। ਅਜਿਹੇ ਵਿਚ ਕਾਂਗਰਸ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਚੋਣ ਮੈਦਾਨ ਵਿਚ ਉਤਰਨ ਜਾ ਰਹੇ ਕੈਪਟਨ ਨੂੰ ਰੋਕਣ ਦੀ ਸਿਆਸੀ ਰਣਨੀਤੀ ਪਾਰਟੀ ਲਈ ਵੱਡੀ ਚੁਣੌਤੀ ਬਣੇਗੀ।

ਖੇਤਰੀ ਦਿਗਜਾਂ ਦੀ ਬਗ਼ਾਵਤ ਦਾ ਹੁਣ ਤਕ ਦਾ ਅਨੁਭਵ ਕਾਂਗਰਸ ਲਈ ਕੌੜਾ ਹੀ ਰਿਹਾ

ਇਸ ਵਿਚ ਸਭ ਤੋਂ ਪਹਿਲਾ ਉਦਾਹਰਣ ਮਮਤਾ ਬੈਨਰਜੀ ਦਾ ਹੈ ਜੋ ਕਾਂਗਰਸ ਦੀ ਤੇਜ਼ ਤਰਾਰ ਵੱਡੀ ਨੇਤਾ ਵਜੋਂ ਸਥਾਪਿਤ ਹੋ ਚੁੱਕੀ ਸੀ, ਪਰ ਤਤਕਾਲੀ ਪਾਰਟੀ ਅਗਵਾਈ ਤੋਂ ਖ਼ਫ਼ਾ ਹੋ ਕੇ ਉਨ੍ਹਾਂ ਨੇ 1997 ਵਿਚ ਆਖ਼ਰ ਵਿਚ ਪਾਰਟੀ ਛੱਡ ਦਿੱਤੀ ਅਤੇ ਜਨਵਰੀ 1998 ਵਿਚ ਆਪਣੀ ਨਵੀਂ ਤ੍ਰਿਣਮੂਲ ਕਾਂਗਰਸ ਬਣਾ ਲਈ। ਇਸ ਤੋਂ ਬਾਅਦ ਮਮਤਾ ਜਿਵੇਂ-ਜਿਵੇਂ ਸੂਬੇ ਵਿਚ ਮਜ਼ਬੂਤ ਹੋਈ, ਉਵੇਂ-ਉਵੇਂ ਕਾਂਗਰਸ ਬੰਗਾਲ ਦੀ ਸੱਤਾ ਦੀ ਮੁੱਖ ਦੌੜ ਤੋਂ ਬਾਹਰ ਹੁੰਦੀ ਗਈ। 2011 ਵਿਚ ਦੀਦੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਤਾਂ ਕਾਂਗਰਸ ਦਾ ਗਰਾਫ ਲਗਾਤਾਰ ਹੇਠਾਂ ਹੀ ਗਿਆ ਹੈ। ਬੰਗਾਲ ਦੀ ਵਿਧਾਨ ਸਭਾ ਵਿਚ ਪਾਰਟੀ ਦੇ ਵਿਧਾਇਕਾਂ ਦੀ ਗਿਣਤੀ ਜ਼ੀਰੋ ਹੈ ਤਾਂ ਸੂਬੇ ਦੀਆਂ 42 ਲੋਕ ਸਭਾ ਸੀਟਾਂ ਵਿਚੋਂ ਉਸਦੇ ਕੋਲ ਸਿਰਫ ਦੋ ਸੀਟਾਂ ਹਨ।

ਪਵਾਰ ਨੇ 1999 ਵਿਚ ਰਾਕਾਂਪਾ ਦਾ ਕੀਤਾ ਗਠਨ

ਸ਼ਰਦ ਪਵਾਰ ਨੇ ਵੀ 1999 ਵਿਚ ਕਾਂਗਰਸ ਤੋਂ ਵੱਖ ਹੋ ਕੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਬਣਾਈ ਤੇ ਇਸਦਾ ਨੁਕਸਾਨ ਕਾਂਗਰਸ ਨੂੰ ਇਹ ਹੋਇਆ ਕਿ ਮਹਾਰਾਸ਼ਟਰ ਵਰਗੇ ਵੱਡੇ ਸੂਬੇ ਵਿਚ ਪਾਰਟੀ ਲਈ ਰਾਕਾਂਪਾ ਨਾਲ ਗਠਜੋੜ ਉਸਦੀ ਸਿਆਸੀ ਲੋੜ ਬਣ ਗਈ ਹੈ। ਬੀਤੀਆਂ ਦੋ ਲੋਕ ਸਭਾ ਚੋਣਾਂ ਵਿਚ ਪਾਰਟੀ ਦਾ ਪ੍ਰਦਰਸ਼ਨ ਬੇਹੱਦ ਖ਼ਰਾਬ ਰਿਹਾ ਤਾਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਮਹਾਰਾਸ਼ਟਰ ਵਿਚ ਭਾਜਪਾ, ਸ਼ਿਵਸੈਨਾ ਤੇ ਰਾਕਾਂਪਾ ਤੋਂ ਬਾਅਦ ਚੌਥੇ ਨੰਬਰ ਦੀ ਪਾਰਟੀ ਵਜੋਂ ਹੇਠਾਂ ਖਿਸਕ ਗਈ ਹੈ।

ਜਗਨ ਨੇ 2011 ਵਿਚ ਨਵੀਂ ਪਾਰਟੀ ਦਾ ਗਠਨ ਕੀਤਾ

ਆਂਧਰਾ ਪ੍ਰਦੇਸ਼ ਦੇ ਦਿਗਜ ਨੇਤਾ ਸਦਾਬਕਾ ਮੁੱਖ ਮੰਤਰੀ ਰਾਜ ਸ਼ੇਖਰ ਰੈਡੀ ਦੇ ਬੇਟੇ ਜਗਨ ਮੋਹਨ ਰੈਡੀ ਦੇ ਕਾਂਗਰਸ ਤੋਂ ਵੱਖ ਹੋ ਕੇ ਵਾਈਐੱਸਆਰ ਕਾਂਗਰਸ ਬਣਾਉਣ ਦੇ ਕਦਮ ਨੇ ਤਾਂ ਇਸ ਸੂਬੇ ਵਿਚ ਪਾਰਟੀ ਦੀ ਸਿਆਸਤ ਦਾ ਪੂਰਾ ਡੱਬਾ ਹੀ ਗੋਲ ਕਰ ਦਿੱਤਾ। ਮੁੱਖ ਮੰਤਰੀ ਨਹੀਂ ਬਣਾਏ ਜਾਣ ਤੋਂ ਨਾਰਾਜ਼ ਜਗਨ ਨੇ 2011 ਵਿਚ ਵਾਈਐੱਸਆਰ ਕਾਂਗਰਸ ਬਣਾਈ ਤੇ ਆਂਧਰਾ ਪ੍ਰਦੇਸ਼ ਦੇ ਬਟਵਾਰੇ ਤੋਂ ਬਾਅਦ 2014 ਦੇ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿਚ ਜਗਨ ਦੀ ਪਾਰਟੀ ਜਿਥੇ ਮੁੱਖ ਵਿਰੋਧੀ ਦਲ ਬਣ ਗਈ, ਉੱਥੇ ਕਾਂਗਰਸ ਜ਼ੀਰੋ ’ਤੇ ਪੁੱਜ ਗਈ। ਕਾਂਗਰਸ ਪਿਛਲੀਆਂ ਦੋ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਵਿਚ ਆਂਧਰਾ ਵਿਚ ਆਪਣਾ ਖਾਤਾ ਵੀ ਨਹੀਂ ਕੋਲ ਸਕੀ ਹੈ। ਅਜਿਹੇ ਵਿਚ ਪੰਜਾਬ ਵਿਚ ਕੈਪਟਨ ਦੀ ਨਵੀਂ ਪਾਰਟੀ ਦੀ ਚੁਣੌਤੀ ਕਾਂਗਰਸ ਦੇ ਸਿਆਸੀ ਜ਼ੋਖਮ ਵਿਚ ਵਾਧਾ ਤਾਂ ਕਰੇਗੀ ਹੀ।

Posted By: Jatinder Singh