ਮੁੰਬਈ : ਮੁੰਬਈ 'ਚ ਵੀਰਵਾਰ ਸ਼ਾਮ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਲ ਸਟੇਸ਼ਨ ਨੇੜੇ ਇਕ ਵੱਡਾ ਹਾਦਸਾ ਵਾਪਰਿਆ। ਸੀਐੱਸਟੀ ਸਟੇਸ਼ਨ 'ਤੇ ਇਕ ਫੁੱਟ ਓਵਰ ਬ੍ਰਿਜ ਡਿੱਗਣ ਕਾਰਨ 5 ਜਣਿਆਂ ਦੀ ਮੌਤ ਹੋ ਗਈ। ਉੱਥੇ ਇਸ ਘਟਨਾ 'ਚ 34 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਸਥਾਨਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਜ਼ਖ਼ਮੀਆਂ 'ਚ 4-5 ਜਣਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਇਨ੍ਹਾਂ ਨੂੰ ਐਮਰਜੈਂਸੀ 'ਚ ਰੱਖਿਆ ਗਿਆ ਹੈ। ਉੱਧਰ ਮਲਬੇ 'ਚ ਅਜੇ ਵੀ 10 ਤੋਂ ਜ਼ਿਆਦਾ ਲੋਕਾਂ ਦੇ ਦਬੇ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ।


ਦੱਸਿਆ ਜਾ ਰਿਹਾ ਹੈ ਕਿ ਰੇਲਵੇ ਸਟੇਸ਼ਨ ਨੂੰ ਜੋੜਨ ਵਾਲਾ ਇਹ ਫੁੱਟ ਓਵਰ ਬ੍ਰਿਜ ਹੈ। ਹੁਣ ਤਕ ਮਿਲੀ ਜਾਣਕਾਰੀ ਅਨੁਸਾਰ 10 ਤੋਂ 12 ਜਣਿਆਂ ਨੂੰ ਮਲਬੇ 'ਚੋਂ ਕੱਢਿਆ ਗਿਆ ਹੈ। ਬਚਾਅ ਤੇ ਰਾਹਤ ਕਾਰਜਾਂ ਲਈ ਐੱਨਡੀਆਰਐੱਫ ਦੀ ਟੀਮ ਪਹੁੰਚ ਗਈ ਹੈ। ਰਾਹਤ ਤੇ ਬਚਾਅ ਕਾਰਜ ਜਾਰੀ ਹੈ।

ਉੱਥੇ ਸੀਐੱਸਟੀ ਫੁੱਟ ਓਵਰ ਬ੍ਰਿਜ ਹਾਦਸੇ ਬਾਰੇ ਰੇਲਵੇ ਨੇ ਕਿਹਾ ਹੈ ਕਿ ਇਹ ਬ੍ਰਿਜ ਬੀਐੱਮਸੀ ਦਾ ਹੈ। ਇਸ ਹਾਦਸੇ ਤੋਂ ਬਾਅਦ ਰੇਲਵੇ ਵੱਲੋਂ ਹਰ ਸੰਭਵ ਮਦਦ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਲ ਰੇਲਵੇ ਸਟੇਸ਼ਨ ਕੋਲ ਫੁੱਟ ਓਵਰ ਬ੍ਰਿਜ 'ਤੇ ਲੋਕ ਜਾ ਰਹੇ ਸਨ ਉਦੋਂ ਇਹ ਹਾਦਸਾ ਵਾਪਰਿਆ। ਜ਼ਖ਼ਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਫਿਲਹਾਲ ਹਾਦਸਾ ਕਿਹੜੇ ਕਾਰਨਾਂ ਕਰਕੇ ਵਾਪਰਿਆ, ਇਸ ਦੀ ਜਾਣਕਾਰੀ ਅਜੇ ਤਕ ਨਹੀਂ ਮਿਲ ਸਕੀ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜੁਲਾਈ 2018 'ਚ ਮੁੰਬਈ ਦੇ ਅੰਧੇਰੀ ਪੱਛਮ 'ਚ ਸੜਕ ਓਵਰ ਬ੍ਰਿਜ ਦਾ ਇਕ ਹਿੱਸਾ ਡਿੱਗ ਗਿਆ ਸੀ। ਇਸ ਹਾਦਸੇ 'ਚ ਪੰਜ ਜਣੇ ਜ਼ਖ਼ਮੀ ਹੋ ਗਏ ਸਨ। ਹਾਦਸਾ ਸਵੇਰੇ ਵਾਪਰਿਆ ਸੀ, ਨਹੀਂ ਤਾਂ ਹਾਦਸਾ ਵੱਡਾ ਵੀ ਹੋ ਸਕਦਾ ਸੀ।

ਸਤੰਬਰ 2017 'ਚ ਮੁੰਬਈ ਦੇ ਐਲਫਿੰਸਟਨ ਬ੍ਰਿਜ 'ਤੇ ਭਾਜੜ ਮੱਚ ਗਈ ਸੀ। ਇਸ ਭਾਜੜ 'ਚ ਕਰੀਬ 23 ਜਣਿਆਂ ਦੀ ਮੌਤ ਹੋ ਗਈ ਸੀ। ਹਾਲਾਂਕਿ ਇਸ ਬ੍ਰਿਜ ਨੂੰ ਬਾਅਦ 'ਚ ਰੇਲਵੇ ਅਤੇ ਫ਼ੌਜ ਨੇ ਇਕੱਠੇ ਮਿਲ ਕੇ ਜੰਗੀ ਪੱਧਰ 'ਤੇ ਬਣਾਇਆ। ਹਾਲਾਂਕਿ ਇਸ ਦੌਰਾਨ ਵੀ ਓਵਰ ਬ੍ਰਿਜ ਸਵਾਲਾਂ ਦੇ ਘੇਰੇ 'ਚ ਰਿਹਾ ਸੀ। ਇਸ ਵਾਰ ਵੀ ਓਵਰ ਬ੍ਰਿਜ ਦੀ ਹਾਲਤ 'ਤੇ ਸਵਾਲ ਉਠਾਏ ਜਾ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਜੇਕਰ ਬ੍ਰਿਜ ਇੰਨਾ ਹੀ ਕਮਜ਼ੋਰ ਸੀ ਤਾਂ ਡਿੱਗਣ ਦੀ ਨੌਬਤ ਆ ਸਕਦੀ ਸੀ, ਤਾਂ ਇਸ ਨੂੰ ਲੋਕਾਂ ਲਈ ਕਿਉਂ ਚਾਲੂ ਰੱਖਿਆ ਸੀ।

Posted By: Jagjit Singh