ਨਵੀਂ ਦਿੱਲੀ : ਦਿੱਲੀ 'ਚ ਪਿਆਜ਼ ਦੀ ਕੀਮਤ ਜਿਸ ਤਰ੍ਹਾਂ ਹੀ ਵਧਦੀ ਹੈ ਤਾਂ ਮੌਜੂਦਾ ਸਰਕਾਰ ਦੇ ਮੰਤਰੀਆਂ ਦੀ ਧੜਕਣ ਤੇਜ਼ ਹੋ ਜਾਂਦੀ ਹੈ। ਪਿਆਜ਼ ਦੀਆਂ ਕੀਮਤਾਂ ਦੇ ਮੁੱਦੇ 'ਤੇ ਹੀ ਦਿੱਲੀ 'ਚ ਇਕ ਵਾਰ ਭਾਜਪਾ ਦੀ ਸਰਕਾਰ ਡਿੱਗ ਗਈ ਸੀ। ਸ਼ਾਇਦ ਇਸੇ ਲਈ ਕੀਮਤ 80 ਰੁਪਏ ਤਕ ਪਹੁੰਚਦੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 24 ਰੁਪਏ ਕਿਲੋਂ 'ਚ ਲੋਕਾਂ ਨੂੰ ਪਿਆਜ਼ ਉਪਲਬਧ ਕਰਾਉਣ ਦਾ ਵਾਅਦਾ ਕੀਤਾ। ਸੋਮਵਾਰ ਨੂੰ ਕੇਜਰੀਵਾਲ ਨੇ ਦੱਸਿਆ ਕਿ ਇਸ ਲਈ ਯੋਜਾਨਾ ਤਿਆਰ ਕੀਤੀ ਜਾ ਰਹੀ ਹੈ ਤੇ 10 ਦਿਨਾਂ ਦੇ ਅੰਦਰ ਲੋਕਾਂ ਤਕ ਉਹ ਸਸਤੀਆਂ ਦਰਾਂ 'ਤੇ ਪਿਆਜ਼ ਪਹੁੰਚਾ ਦੇਣਗੇ। ਹਾਲਾਂਕਿ ਕੇਂਦਰ ਸਰਕਾਰ ਨੇ ਦਿੱਲੀ ਦੀ 'ਆਪ' ਸਰਕਾਰ ਨੂੰ ਪਿੱਛੇ ਛੱਡਦੇ ਹੋਏ ਅੱਜ ਤੋਂ ਹੀ ਰਾਸ਼ਨ ਦੀਆਂ ਦੁਕਾਨਾਂ ਨੂੰ ਸਸਤੇ ਭਾਅ 'ਤੇ ਪਿਆਜ਼ ਵੇਚ ਰਹੀ ਹੈ। ਇਸ 'ਚ ਖਾਣ ਵਾਲੇ ਪਦਾਰਥਾਂ ਦੀ ਸਪਲਾਈ ਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ ਕਿ ਦੇਸ਼ 'ਚ ਪਿਆਜ਼ ਦਾ ਕੋਈ ਸੰਕਟ ਨਹੀਂ ਹੈ, ਹੜ੍ਹਾਂ ਦੇ ਕਾਰਨ ਆਵਾਜਾਈ ਪ੍ਰਭਾਵਿਤ ਹੋਣ ਦੀ ਵਜ੍ਹਾ ਨਾਲ ਕੀਮਤਾਂ 'ਚ ਵਾਧਾ ਹੋਇਆ ਹੈ। ਇਸ ਸਥਿਤੀ 'ਤੇ ਜਲਦ ਹੀ ਕਾਬੂ ਪਾ ਲਿਆ ਜਾਵੇਗਾ।

ਹੜ੍ਹ ਦੇ ਕਾਰਨ ਮੰਡੀ 'ਚ ਨਹੀਂ ਪਹੁੰਚ ਪਾ ਰਿਹਾ ਪਿਆਜ਼

ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ ਕਿ ਦੇਸ਼ ਦੇ ਕਈ ਸੂਬੇ ਇਨ੍ਹਾਂ ਦਿਨਾਂ 'ਚ ਹੜ੍ਹਾਂ ਤੋਂ ਪ੍ਰਭਾਵਿਤ ਹੋਈ ਹਨ। ਇਨ੍ਹਾਂ 'ਚ ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਜਿਹੇ ਸੂਬੇ ਵੀ ਸ਼ਾਮਿਲ ਹਨ, ਜਿਨ੍ਹਾਂ 'ਚ ਪਿਆਜ਼ ਦਾ ਕਾਫੀ ਉਤਪਾਦਨ ਹੁੰਦਾ ਹੈ। ਹੜ੍ਹ ਦੀ ਵਜ੍ਹਾ ਨਾਲ ਇਨ੍ਹਾਂ ਸੂਬਿਆਂ 'ਚ ਆਵਾਜਾਈ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਪਿਆਜ਼ ਮੰਡੀ 'ਚ ਘੱਟ ਆ ਰਿਹਾ ਹੈ। ਪਿਆਜ਼ ਦੀਆਂ ਮੰਡੀਆਂ 'ਚ ਸਪਲਾਈ ਘੱਟ ਹੋਣ ਕਾਰਨ ਇਸ ਦੀਆਂ ਕੀਮਤਾਂ 'ਚ ਤੇਜ਼ੀ ਆ ਗਈ ਹੈ। ਹਾਲਾਂਕਿ ਉਨ੍ਹਾਂ ਨੇ ਭਰੋਸਾ ਦਵਾਇਆ ਹੈ ਕਿ ਜਲਦ ਹੀ ਇਸ ਸਮੱਸਿਆ ਨੂੰ ਦੂਰ ਕਰ ਦਿੱਤਾ ਜਾਵੇਗਾ। ਇਸ 'ਚ ਕੇਂਦਰ ਸਰਕਾਰ ਨੇ 22 ਰੁਪਏ ਕਿਲੋਂ ਪਿਆਜ਼ ਵੇਚਣਾ ਸ਼ੁਰੂ ਕਰ ਦਿੱਤਾ ਹੈ।

ਸਰਕਾਰ ਕੋਲ ਹੀ 50 ਹਾਜ਼ਰ ਟਨ ਪਿਆਜ਼ ਦਾ ਸਟਾਕ

ਪਾਸਵਾਨ ਨੇ ਜਾਣਕਾਰੀ ਦਿੱਤੀ ਕਿ ਦੇਸ਼ 'ਚ ਪਿਆਜ ਦਾ ਭਰਪੂਰ ਸਟਾਕ ਹੈ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਕੋਲ 50 ਹਜ਼ਾਰ ਟਨ ਪਿਆਜ਼ ਦਾ ਸਟਾਕ ਰੱਖਿਆ ਹੋਇਆ ਹੈ। ਅਜਿਹੇ 'ਚ ਲੋਕਾਂ ਨੂੰ ਪਿਆਜ਼ ਦੀ ਵੱਡੀ ਕੀਮਤ ਨੂੰ ਲੈ ਕੇ ਘਬਰਾਉਣ ਦੀ ਜ਼ਿਆਦਾ ਲੋੜ ਨਹੀਂ ਹੈ। ਜੇਕਰ ਸਰਕਾਰ 'ਤੇ ਯਕੀਨ ਕੀਤਾ ਜਾਵੇ ਤਾਂ ਲੋਕਾਂ ਨੂੰ ਜ਼ਿਆਦਾ ਦਿਨਾਂ ਤਕ ਪਿਆਜ਼ ਦੇ ਹੰਝੂ ਨਹੀਂ ਰੋਣੇ ਪੈਣਗੇ। ਹੜ੍ਹ ਨਾਲ ਪ੍ਰਭਾਵਿਤ ਇਲਾਕਿਆਂ 'ਚ ਜਿਵੇਂ ਹੀ ਆਵਾਜਾਈ ਸ਼ੁਰੂ ਹੋਵੇਗੀ, ਉਦੋਂ ਹੀ ਮੰਡੀ 'ਚ ਪਿਆਜ਼ ਆਉਣਾ ਸ਼ੁਰੂ ਹੋ ਜਾਵੇਗਾ ਤੇ ਕੀਮਤ ਆਪਣੇ ਆਪ ਘੱਟ ਜਾਵੇਗੀ।

Posted By: Sukhdev Singh