ਬੁਲੰਦਸ਼ਹਿਰ (ਜ.ਸ.) : ਬੁਲੰਦਸ਼ਹਿਰ-ਅਲੀਗੜ੍ਹ ਹਾਈਵੇ 'ਤੇ ਬਰਾਲ ਪਿੰਡ ਨੇੜੇ ਮੰਗਲਵਾਰ ਤੜਕੇ ਸਾਢੇ ਚਾਰ ਵਜੇ ਖੜ੍ਹੇ ਟੈਂਕਰ 'ਚ ਸਕਾਰਪੀਓ ਜਾ ਟਕਰਾਈ। ਹਾਦਸੇ ਵਿਚ ਦੋ ਬੱਚਿਆਂ ਤੇ ਇਕ ਔਰਤ ਸਮੇਤ ਪੰਜ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਛੇ ਲੋਕ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਗੰਭੀਰ ਹਾਲਤ ਕਾਰਨ ਤਿੰਨ ਲੋਕਾਂ ਨੂੰ ਹਾਇਰ ਸੈਂਟਰ ਦਿੱਲੀ ਰੈਫਰ ਕਰ ਦਿੱਤਾ ਗਿਆ। ਬੁਲੰਦਸ਼ਹਿਰ ਨਗਰ ਕੋਤਵਾਲੀ ਖੇਤਰ ਦੇ ਮੁਹੱਲਾ ਦੇਵੀਪੁਰਾ-1 ਵਾਸੀ ਹਰੇਂਦਰ, ਪਤਨੀ ਰਿੰਕੀ, ਦੋ ਪੁੱਤਰ ਹਾਰਦਿਕ ਤੇ ਵੰਸ਼, ਭੈਣ ਬੇਬੀ, ਚਚੇਰੀ ਭੈਣ ਸ਼ਾਲੂ, ਸਾਲੇ ਪਾਰਸ, ਸਾਲੀ ਸ਼ਿੰਕੀ ਤੇ ਦਾਮਿਨੀ ਅਤੇ ਦੋਸਤ ਦੀਪਾਂਸ਼ੂ ਨਾਲ ਸੋਮਵਾਰ ਸਵੇਰੇ ਚਾਰ ਵਜੇ ਸਕਾਰਪੀਉ 'ਚ ਕੇਦਾਰਨਾਥ ਤੇ ਬਦਰੀਨਾਥ ਦੀ ਯਾਤਰਾ ਲਈ ਗਏ ਸਨ। ਕਾਰ ਵਿਚ ਚਾਲਕ ਸਮੇਤ 11 ਲੋਕ ਸਵਾਰ ਸਨ। ਚਾਲਕ ਜਸਵੰਤ ਨੂੰ ਝਪਕੀ ਆਉਣ ਕਾਰਨ ਗੱਡੀ ਹਾਈ ਕੰਢੇ ਖੜ੍ਹੇ ਖਰਾਬ ਕੈਂਟਰ ਨਾਲ ਜਾ ਟਕਰਾਈ। ਟੱਕਰ 'ਚ ਸਕਾਰਪੀਉ ਦੇ ਪਰਖੱਚੇ ਉੱਡ ਗਏ।