ਸੰਯੁਕਤ ਰਾਸ਼ਟਰ (ਏਜੰਸੀ) : ਪੰਜ ਭਾਰਤੀ ਸ਼ਾਂਤੀ ਰੱਖਿਅਕਾਂ ਸਮੇਤ 83 ਫ਼ੌਜੀਆਂ, ਪੁਲਿਸ ਦੇ ਗ਼ੈਰ ਫ਼ੌਜੀ ਮੁਲਾਜ਼ਮਾਂ ਨੂੰ ਮਰਨ ਉਪਰੰਤ ਮਿਆਰੀ ਸੰਯੁਕਤ ਰਾਸ਼ਟਰ ਮੈਡਲ ਨਾਲ ਇਸ ਹਫ਼ਤੇ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਸਾਰਿਆਂ ਨੇ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਆ ਮੁਹਿੰਮਾਂ 'ਚ ਹਿੱਸਾ ਲੈਂਦੇ ਹੋਏ ਪਿਛਲੇ ਸਾਲ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਦੱਸਣਯੋਗ ਹੈ ਕਿ ਮੈਡਲ ਦਾ ਨਾਂ ਸੰਯੁਕਤ ਰਾਸ਼ਟਰ ਦੇ ਦੂਜੇ ਸਕੱਤਰ ਜਨਰਲ ਦੇ ਨਾਂ 'ਤੇ ਰੱਖਿਆ ਗਿਆ ਹੈ। ਇਨ੍ਹਾਂ ਦੀ 1961 'ਚ ਇਕ ਭੇਤ ਭਰੇ ਹਵਾਈ ਹਾਦਸੇ 'ਚ ਮੌਤ ਹੋ ਗਈ ਸੀ। ਬਾਅਦ 'ਚ ਇਨ੍ਹਾਂ ਨੂੰ ਮਰਨ ਉਪਰੰਤ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਦੱਖਣੀ ਸੂਡਾਨ 'ਚ ਸੰਯੁਕਤ ਰਾਸ਼ਟਰ ਦੇ ਮਿਸ਼ਨ 'ਚ ਸੇਵਾ ਦੇਣ ਵਾਲੇ ਮੇਜਰ ਰਵੀ ਇੰਦਰ ਸਿੰਘ ਸੰਧੂ ਤੇ ਸਾਰਜੈਂਟ ਲਾਲ ਮਨੋਤਰਾ ਤਰਸੇਮ, ਲਿਬਨਾਨ 'ਚ ਸੰਯੁਕਤ ਰਾਸ਼ਟਰ ਅੰਤਿ੍ਮ ਫੋਰਸ 'ਚ ਸਾਰਜੈਂਟ ਰਮੇਸ਼ ਸਿੰਘ, ਯੂਐੱਨ ਡਿਸਐਂਗੇਜਮੈਂਟ ਆਬਜ਼ਰਵਰ ਫੋਰਸ 'ਚ ਕੰਮ ਕਰਨ ਵਾਲੇ ਪੀ ਜੌਨਸਨ ਬੇਕ ਤੇ ਕਾਂਗੋ 'ਚ ਸੰਯੁਕਤ ਰਾਸ਼ਟਰ ਦੇ ਮਿਸ਼ਨ 'ਚ ਕੰਮ ਕਰਨ ਵਾਲੇ ਐਡਵਰਡ ਏ ਪਿੰਟੋ ਨੂੰ 29 ਮਈ ਨੂੰ ਅੰਤਰਰਾਸ਼ਟਰੀ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਦਿਵਸ 'ਤੇ ਮਰਨ ਉਪਰੰਤ ਦੈਗ ਹੈਮਰਸਕੋਲਦ ਮੈਡਲ ਦਿੱਤਾ ਜਾਵੇਗਾ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ 1948 ਦੇ ਬਾਅਦ ਜਾਨ ਗੁਆਉਣ ਵਾਲੇ ਸਾਰੇ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕਾਂ ਨੂੰ ਫੁੱਲ ਭੇਟ ਕਰਨਗੇ।