ਨਵੀਂ ਦਿੱਲੀ (ਏਐੱਨਆਈ) : ਚਾਹੇ ਵਿਦਿਅਕ, ਸਮਾਜਿਕ ਮਨਜ਼ੂਰੀ ਹੋਵੇ ਜਾਂ ਫਿਰ ਅਧਿਕਾਰ ਹਾਸਿਲ ਕਰਨਾ ਸਮਾਜ ਦੇ ਤੀਸਰੇ ਵਰਗ ਨੂੰ ਹਮੇਸ਼ਾ ਹੀ ਸਮਾਜ 'ਚ ਆਪਣੀ ਜਗ੍ਹਾ ਬਣਾਉਣ ਲਈ ਕਾਫ਼ੀ ਮੁਸ਼ੱਕਤ ਕਰਨੀ ਪੈਂਦੀ ਹੈ। ਕੁਝ ਅਜਿਹੀ ਹੀ ਕਹਾਣੀ ਹੈ ਤਾਮਿਲਨਾਡੂ ਦੀ ਟਰਾਂਸਜੈਂਡਰ ਰਕਸ਼ਿਕਾ ਰਾਜ ਦੀ। ਅਸਲ ਵਿਚ, ਰਕਸ਼ਿਕਾ ਰਾਜ ਨੂੰ ਰਜਿਸਟਰਡ ਨਰਸ ਦੇ ਰੂਪ 'ਚ ਰਜਿਸਟਰਡ ਕਰ ਲਿਆ ਗਿਆ ਹੈ। ਇਸ ਕਾਰਨ ਕਰੀਬ ਇਕ ਸਾਲ ਤਕ ਉਸ ਨੂੰ ਨੌਕਰੀ ਨਹੀਂ ਮਿਲੀ।

ਰਕਸ਼ਿਕਾ ਨੇ ਕਿਹਾ, 'ਮੈਨੂੰ ਆਪਣੀ ਰਜਿਸਟ੍ਰੇਸ਼ਨ ਲਈ ਕਾਫ਼ੀ ਸੰਘਰਸ਼ ਕਰਨਾ ਪਿਆ ਕਿਉਂਕਿ ਰਜਿਸਟ੍ਰੇਸ਼ਨ ਕਰਵਾਉਂਦੇ ਸਮੇਂ ਉਸ ਵਿਚ ਟਰਾਂਸਜੈਂਡਰ ਸ਼੍ਰੇਣੀ ਹੀ ਨਹੀਂ ਸੀ। ਇਸ ਤੋਂ ਬਾਅਦ ਉਸ ਨੇ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਤੇ ਆਪਣੇ ਹੱਕ ਲਈ ਆਵਾਜ਼ ਉਠਾਈ। ਰਕਸ਼ਿਕਾ ਨੇ ਕਿਹਾ ਕਿ ਇਸ ਵਿਚ ਸੰਘਰਸ਼ ਹੋਵੇਗਾ ਪਰ ਉੱਠਣਾ ਪਵੇਗਾ ਤੇ ਆਪਣੇ-ਆਪ ਚਮਕਣਾ ਪਵੇਗਾ।

ਰਕਸ਼ਿਕਾ ਰਾਜ ਤਾਮਿਲਨਾਡੂ ਦੀ ਪਦਮਸ਼੍ਰੀ ਕਾਲਜ ਆਫ ਨਰਸਿੰਗ ਦੀ ਨਰਸ ਦੇ ਰੂਪ 'ਚ ਗ੍ਰੈਜੂਏਟ ਹੋਣ ਵਾਲੀ ਪਹਿਲੀ ਟਰਾਂਸਜੈਂਡਰ ਮਹਿਲਾ ਹੈ। ਉਸ ਨੇ ਨਰਸਿੰਗ 'ਚ ਬੀਐੱਸਸੀ ਦੀ ਡਿਗਰੀ ਹਾਸਲ ਕੀਤੀ। ਤਾਮਿਲਨਾਡੂ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਗ੍ਰੈਜੂਏਸ਼ਨ ਦੀ ਡਿਗਰੀ ਦਿੱਤੀ ਸੀ। ਉਸ ਦਾ ਜਨਮ ਤਾਮਿਲਨਾਡੂ ਦੇ ਕਾਂਚੀਪੁਰਮ ਜ਼ਿਲ੍ਹੇ ਦੇ ਵਾਲਜਾਹਬਾਦ 'ਚ ਹੋਇਆ ਸੀ ਤੇ ਜਨਮ ਵੇਲੇ ਉਸ ਦਾ ਨਾਂ ਰਾਜ ਕੁਮਾਰ ਸੀ।

ਪੁਰਸ਼ ਉਮੀਦਵਾਰ ਵਜੋਂ ਲੈਣਾ ਪਿਆ ਦਾਖ਼ਲਾ

ਸੂਬੇ ਦੀ ਮੈਡੀਕਲ ਯੂਨੀਵਰਸਿਟੀ 'ਚ ਟਰਾਂਸਜੈਂਡਰ ਵਿਅਕਤੀਆਂ ਦੇ ਪ੍ਰਵੇਸ਼ ਦੀ ਵਿਵਸਥਾ ਨਾ ਹੋਣ ਕਾਰਨ ਕਾਲਜ 'ਚ ਇਕ ਪੁਰਸ਼ ਉਮੀਦਵਾਰ ਦੇ ਰੂਪ 'ਚ ਦਾਖ਼ਲਾ ਲੈਣਾ ਪਿਆ ਸੀ। ਦਾਖ਼ਲਾ ਲੈਣ ਲਈ ਉਸ ਨੂੰ ਆਪਣੇ ਸਾਰੇ ਦਸਤਾਵੇਜ਼ ਬਦਲਣੇ ਪਏ। ਪਰ ਲੜਾਈ ਹਾਲੇ ਖ਼ਤਮ ਨਹੀਂ ਹੋਈ ਸੀ। ਫ਼ਿਲਹਾਲ ਪਰਿਵਾਰ ਵੱਲੋਂ ਵੀ ਉਸ ਨੂੰ ਕਬੂਲ ਕਰਨਾ ਬਾਕੀ ਹੈ।

ਖ਼ਬਰਾਂ ਅਨੁਸਾਰ ਰਕਸ਼ਿਕਾ ਨੇ ਦੱਸਿਆ ਕਿ ਜਦੋਂ ਉਸ ਨੇ ਇਸ ਬਾਰੇ ਆਪਣੇ ਪਰਿਵਾਰ ਵਾਲਿਆਂ ਨੂੰ ਦੱਸਿਆ ਤਾਂ ਸਭ ਤੋਂ ਪਹਿਲਾਂ ਤਾਂ ਉਸ ਨੇ ਇਸ ਨੂੰ ਮਾਨਸਿਕ ਬਿਮਾਰੀ ਵਜੋਂ ਲਿਆ। ਉਸ ਨੇ ਅੱਗੇ ਦੱਸਿਆ ਕਿ ਇਕ ਨਰਸ ਦੇ ਰੂਪ 'ਚ ਸੇਵਾ ਕਰਨ ਦੀ ਉਸ ਦੀ ਅਰਜ਼ੀ ਨੂੰ ਤਾਮਿਲਨਾਡੂ ਨਰਸ ਤੇ ਮਿਡਵਾਈਵਜ਼ ਕੌਂਸਲ ਨੇ ਨਾਮਨਜ਼ੂਰ ਕਰ ਦਿੱਤਾ ਸੀ ਜੋ ਸਿਰਫ਼ ਨਰਸਾਂ ਨੂੰ ਪੁਰਸ਼ ਜਾਂ ਔਰਤ ਦੇ ਰੂਪ 'ਚ ਰਜਿਸਟਰਡ ਕਰਨ ਦੀ ਇਜਾਜ਼ਤ ਦਿੰਦੀ ਹੈ।

Posted By: Seema Anand