ਜਾਗਰਣ ਟੀਮ, ਨਵੀਂ ਦਿੱਲੀ : ਬੰਗਾਲ ਤੇ ਅਸਾਮ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ’ਚ ਸ਼ਨਿਚਰਵਾਰ ਨੂੰ ਵੋਟਰਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਦੋਵੇਂ ਹੀ ਸੂਬਿਆਂ ’ਚ ਵੱਡੀ ਗਿਣਤੀ ’ਚ ਲੋਕ ਮਤਦਾਨ ਲਈ ਪੁੱਜੇ। ਬੰਗਾਲ ’ਚ ਛੋਟੀ-ਮੋਟੀ ਹਿੰਸਾ ਵਿਚਾਲੇ ਸ਼ਾਮ ਪੰਜ ਵਜੇ ਤਕ ਪੰਜ ਜ਼ਿਲ੍ਹਿਆਂ ’ਚ 79.79 ਫ਼ੀਸਦੀ ਮਤਦਾਨ ਹੋਇਆ। ਵੋਟਿੰਗ ਖ਼ਤਮ ਹੋਣ ਦੇ ਤੈਅਸ਼ੁਦਾ ਸਮੇਂ ਸ਼ਾਮ 6.30 ਵਜੇ ਤਕ ਵੱਖ-ਵੱਖ ਬੂਥਾਂ ’ਤੇ ਵੋਟਰਾਂ ਦੀਆਂ ਕਤਾਰਾਂ ਲੱਗੀਆਂ ਸਨ, ਜਿਸ ਨਾਲ ਮਤਦਾਨ ਫ਼ੀਸਦ ’ਚ ਕਾਫ਼ੀ ਵਾਧਾ ਹੋਣ ਦੀ ਉਮੀਦ ਹੈ। ਉੱਥੇ, ਚੋਣ ਕਮਿਸ਼ਨ ਮੁਤਾਬਕ ਅਸਾਮ ’ਚ ਸ਼ਾਮ 6.52 ਵਜੇ ਤਕ 72.46 ਫ਼ੀਸਦੀ ਮਤਦਾਨ ਹੋ ਚੁੱਕਾ ਸੀ। ਦੱਸਣਯੋਗ ਹੈ ਕਿ ਪਹਿਲੇ ਗੇਡ਼ ’ਚ ਬੰਗਾਲ ’ਚ 30 ਸੀਟਾਂ ’ਤੇ ਜਦਕਿ ਅਸਾਮ ’ਚ 47 ਸੀਟਾਂ ’ਤੇ ਮਤਦਾਨ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮਤਦਾਨ ਸ਼ੁਰੂ ਹੋਣ ਤੋਂ ਪਹਿਲਾਂ ਟਵੀਟ ਕਰ ਕੇ ਲੋਕਾਂ ਨੂੰ ਨਿਡਰ ਹੋ ਕੇ ਮਤਦਾਨ ਕਰਨ ਦੀ ਅਪੀਲ ਕੀਤੀ।

ਬੰਗਾਲ ’ਚ ਪਹਿਲੇ ਗੇੜ ’ਚ ਕੁੱਲ 191 ਉਮੀਦਵਾਰਾਂ ਮੈਦਾਨ ’ਚ ਹਨ। ਇਨ੍ਹਾਂ ’ਚ 21 ਮਹਿਲਾ ਉਮੀਦਵਾਰ ਹਨ। ਸ਼ਾਮ ਪੰਜ ਵਜੇ ਤਕ ਸੂਬੇ ਦੇ ਬਾਂਕੁੜਾ ਜ਼ਿਲ੍ਹੇ ’ਚ 80.03 ਫ਼ੀਸਦੀ, ਝਾਡ਼ਗ੍ਰਾਮ ’ਚ 80.55 ਫ਼ੀਸਦੀ, ਪੱਛਮੀ ਮੇਦਨੀਪੁਰ ’ਚ 80.16 ਫ਼ੀਸਦੀ, ਪੂਰਬੀ ਮੇਦਨੀਪੁਰ ’ਚ 82.42 ਫ਼ੀਸਦ ਤੇ ਪੁਰੂਲੀਆ ’ਚ 77.13 ਫ਼ੀਸਦ ਵੋਟਾਂ ਪਈਆਂ।

ਕਮਿਸ਼ਨ ਨੂੰ ਮਿਲੀਆਂ 627 ਸ਼ਿਕਾਇਤਾਂ

ਬੰਗਾਲ ’ਚ ਕੁਝ ਥਾਵਾਂ ’ਤੇ ਬੂਥਾਂ ’ਚ ਗੜਬੜੀ, ਵੋਟਰਾਂ ਨੂੰ ਕੁੱਟਣ-ਧਮਕਾਉਣ ਤੇ ਪ੍ਰਭਾਵਿਤ ਕਰਨ ਤੇ ਈਵੀਐੱਮ ਨਾਲ ਛੇੜਛਾੜ ਕੀਤੇ ਜਾਣ ਦੀਆਂ ਕੁੱਲ 627 ਸ਼ਿਕਾਇਤਾਂ ਚੋਣ ਕਮਿਸ਼ਨ ਕੋਲ ਦਰਜ ਹੋਈਆਂ ਤੇ ਵੱਖ-ਵੱਖ ਮਾਮਲਿਆਂ ’ਚ 10 ਗ੍ਰਿਫ਼ਤਾਰੀਆਂ ਹੋਈਆਂ ਹਨ। ਤ੍ਰਿਣਮੂਲ ਕਾਂਗਰਸ ਤੇ ਭਾਜਪਾ ’ਚ ਸਾਰਾ ਦਿਨ ਦੂਸ਼ਣਬਾਜ਼ੀ ਦਾ ਦੌਰ ਚੱਲਦਾ ਰਿਹਾ। ਦੋਵੇਂ ਧਿਰਾਂ ਵੱਲੋਂ ਇਸ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਵੀ ਕੀਤੀ ਗਈ।

ਸ਼ੁੱਕਰਵਾਰ ਰਾਤ ਨੂੰ ਗਸ਼ਤ ਕਰ ਰਹੇ ਸੁਰੱਖਿਆ ਮੁਲਾਜ਼ਮਾਂ ’ਤੇ ਸੁੱਟੇ ਬੰਬ

ਚੋਣਾਂ ਵਾਲੇ ਖੇਤਰਾਂ ’ਚ ਸ਼ੁੱਕਰਵਾਰ ਰਾਤ ਤੋਂ ਹੀ ਹਿੰਸਾ ਦਾ ਦੌਰ ਸ਼ੁਰੂ ਹੋ ਗਿਆ ਸੀ। ਪੂਰਬੀ ਮੇਦਨੀਪੁਰ ਦੇ ਪਟਾਸ਼ਪੁਰ ’ਚ ਰਾਤ ਨੂੰ ਗਸ਼ਤ ਕਰ ਰਹੇ ਪੁਲਿਸ ਮੁਲਾਜ਼ਮਾਂ ਤੇ ਕੇਂਦਰੀ ਦਸਤੇ ਦੇ ਜਵਾਨਾਂ ’ਤੇ ਬੰਬ ਸੁੱਟੇ ਗਏ। ਇਸ ’ਚ ਪਟਾਸ਼ਪੁਰ ਥਾਣੇ ਦੇ ਇੰਚਾਰਜ ਦੀਪਕ ਕੁਮਾਰ ਚੱਕਰਵਰਤੀ ਤੇ ਕੇਂਦਰੀ ਦਸਤੇ ਦਾ ਇਕ ਜਵਾਨ ਜ਼ਖਮੀ ਹੋ ਗਏ। ਦੋਵਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਭਾਜਪਾ ਆਗੂ ਸੁਵੇਂਦੂ ਅਧਿਕਾਰੀ ਨੇ ਹਮਲੇ ਪਿੱਛੇ ਪਾਕਿਸਤਾਨੀਆਂ ਦਾ ਹੱਥ ਦੱਸਿਆ ਹੈ। ਦੂਜੇ ਪਾਸੇ ਕੇਸ਼ਿਆਰੀ ਦੇ ਬੇਗ਼ਮਪੁਰ ਇਲਾਕੇ ’ਚ ਸ਼ਨਿਚਰਵਾਰ ਸਵੇਰੇ ਇਕ ਭਾਜਪਾ ਮੁਲਾਜ਼ਮ ਦੀ ਖ਼ੂਨ ਨਾਲ ਲੱਥਪੱਥ ਲਾਸ਼ ਉਸ ਦੇ ਘਰ ਦੇ ਵਿਹਡ਼ੇ ’ਚੋਂ ਬਰਾਮਦ ਕੀਤੀ ਗਈ ਹੈ। ਉਸ ਦੇ ਸਿਰ ਤੇ ਪਿੱਠ ’ਤੇ ਜ਼ਖ਼ਮ ਦੇ ਨਿਸ਼ਾਨ ਹਨ।

ਸੀਪੀਐੱਮ ਉਮੀਦਵਾਰ ਦੀ ਗੱਡੀ ’ਤੇ ਹਮਲਾ

ਸਾਲਬਨੀ ’ਚ ਸੀਪੀਐੱਮ ਦੇ ਉਮੀਦਵਾਰ ਸੁਸ਼ਾਂਤ ਘੋਸ਼ ਦੀ ਗੱਡੀ ’ਤੇ ਕੁਝ ਲੋਕਾਂ ਨੇ ਹਮਲਾ ਕੀਤਾ। ਇਸ ਮਾਮਲੇ ’ਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ ਤ੍ਰਿਣਮੂਲ ਵਰਕਰਾਂ ’ਤੇ ਲੱਗਾ ਹੈ। ਭਾਜਪਾ ਆਗੂ ਸੁਵੇਂਦੂ ਅਧਿਕਾਰੀ ਦੇ ਭਰਾ ਸੌਮੇਂਦੂ ਅਧਿਕਾਰੀ ਦੀ ਗੱਡੀ ਦੀ ਵੀ ਭੰਨਤੋਡ਼ ਕੀਤੀ ਗਈ, ਜਿਸ ’ਚ ਉਨ੍ਹਾਂ ਦੇ ਡਰਾਈਵਰ ਸਮੇਤ ਕਈ ਲੋਕ ਜ਼ਖਮੀ ਹੋ ਗਏ। ਇਕ ਹੋਰ ਘਟਨਾ ’ਚ ਭਗਵਾਨਪੁਰ ’ਚ ਫਾਇਰਿੰਗ ’ਚ ਦੋ ਸੁਰੱਖਿਆ ਮੁਲਾਜ਼ਮ ਜ਼ਖ਼ਮੀ ਹੋ ਗਏ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਨੂਪ ਚੱਕਰਵਰਤੀ ਨੇ ਤ੍ਰਿਣਮੂਲ ’ਤੇ ਉਨ੍ਹਾਂ ਦੇ ਵਰਕਰਾਂ ’ਚ ਡਰ ਫੈਲਾਉਣ ਲਈ ਫਾਇਰਿੰਗ ਕਰਨ ਦਾ ਦੋਸ਼ ਲਾਇਆ ਹੈ।

ਅਸਾਮ ’ਚ ਉਮੜੇ ਵੋਟਰ

ਅਸਾਮ ’ਚ ਵੀ ਵੋਟਰਾਂ ਨੇ ਸਵੇਰ ਤੋਂ ਹੀ ਵੱਡੀ ਗਿਣਤੀ ’ਚ ਮਤਦਾਨ ਕੇਂਦਰ ਪੁੱਜ ਕੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ, ਰੂਪੋਹਿਹਟ ਵਿਧਾਨ ਸਭਾ ਖੇਤਰ ’ਚ ਸਭ ਤੋਂ ਜ਼ਿਆਦਾ 83 ਫ਼ੀਸਦੀ ਤੇ ਬਾਰਚੱਲਾ ਵਿਧਾਨ ਸਭਾ ਖੇਤਰ ’ਚ ਸਭ ਤੋਂ ਘੱਟ 62.9 ਫ਼ੀਸਦੀ ਮਤਦਾਨ ਹੋਇਆ।

Posted By: Seema Anand