ਜੇਐੱਨਐੱਨ, ਨਵੀਂ ਦਿੱਲੀ : ਦਿੱਲੀ ਦੇ ਫਿਲਮਿਸਤਾਨ ਇਲਾਕੇ 'ਚ ਰਾਣੀ ਝਾਂਸੀ ਰੋਡ ਨੇੜੇ ਅਨਾਜ ਮੰਡੀ ਦੀ ਇਕ ਫੈਕਟਰੀ 'ਚ ਐਤਵਾਰ ਸਵੇਰੇ ਜ਼ਬਰਦਸਤ ਅੱਗ ਲੱਗ ਗਈ। ਅੱਗ 'ਚ ਝੁਲਸਣ ਨਾਲ 45 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦਿੱਲੀ ਪੁਲਿਸ ਨੇ ਇਨ੍ਹਾਂ ਮੌਤਾਂ ਦੀ ਪੁਸ਼ਟੀ ਕੀਤੀ ਹੈ। ਗੰਭੀਰ ਰੂਪ 'ਚ ਝੁਲਸੇ ਲੋਕਾਂ ਨੂੰ ਦਿੱਲੀ ਦੇ ਸਫ਼ਦਰਗੰਜ ਤੇ ਐੱਲਐੱਨਜੇਪੀ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ।

ਇਸ ਖ਼ਤਰਨਾਕ ਅਗਨੀਕਾਂਡ ਮਾਮਲੇ 'ਚ ਸਦਰ ਬਾਜ਼ਾਰ ਥਾਣਾ ਪੁਲਿਸ ਨੇ ਲਾਪਰਵਾਹੀ ਦਾ ਮੁਕੱਦਮਾ ਦਰਜ ਕੀਤਾ ਹੈ। ਇਹ ਕੇਸ ਫੈਕਟਰੀ ਮਾਲਕ ਰੇਹਾਨ ਖ਼ਿਲਾਫ਼ ਦਰਜ ਕੀਤਾ ਗਿਆ ਹੈ। ਜਾਂਚ ਕ੍ਰਾਈਮ ਬ੍ਰਾਂਚ ਨੂੰ ਸੌਂਪੀ ਗਈ ਹੈ। ਫੈਕਟਰੀ ਮਾਲਕ ਰੇਹਾਨ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ। ਇਸ ਤੋਂ ਇਲਾਵਾ ਰੇਹਾਨ ਦੇ ਪਿਤਾ ਰਹੀਮ ਵੀ ਪੁਲਿਸ ਦੇ ਕਬਜ਼ੇ 'ਚ ਹਨ।

ਓਧਰ ਦਿੱਲੀ ਸਰਕਾਰ ਨੇ ਘਟਨਾ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ। ਪੂਰਬੀ ਜ਼ਿਲ੍ਹੇ ਦੇ ਜ਼ਿਲ੍ਹਾ ਅਧਿਕਾਰੀ ਅਰੁਣ ਕੁਮਾਰ ਮਿਸ਼ਰਨ ਇਸ ਮਾਮਲੇ ਦੀ ਜਾਂਚ ਕਰਨਗੇ। ਉੱਥੇ ਹੀ ਜ਼ਖ਼ਮੀ ਨੂੰ ਦੇਖਣ ਲਈ ਜ਼ਖ਼ਮੀਆਂ ਨੂੰ ਦੇਖਣ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸਿਹਤ ਮੰਤਰੀ ਸਤੇਂਦਰ ਜੈਨ ਲੋਕ ਨਾਇਕ ਹਸਪਤਾਲ ਪਹੁੰਚੇ।

ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇਗਾ 17-17 ਲੱਖ ਮੁਆਵਜ਼ਾ

ਇਸ ਅਗਨੀਕਾਂਡ 'ਚ ਮਾਰੇ ਗਏ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਲੀ ਸਰਕਾਰ, ਕੇਂਦਰ ਸਰਕਾਰ ਤੇ ਦਿੱਲੀ ਭਾਜਪਾ ਵੱਲੋਂ ਕੁੱਲ 17-17 ਲੱਖ ਮੁਆਵਜ਼ਾ ਦਿੱਤਾ ਜਾਵੇਗਾ ਜਦਕਿ ਜ਼ਖ਼ਮੀਆਂ ਨੂੰ 75-75 ਹਜ਼ਾਰ ਆਰਥਿਕ ਮਦਦ ਦਿੱਤੀ ਜਾਵੇਗੀ। ਇਨ੍ਹਾਂ ਆਰਥਿਕ ਮਦਦ 'ਚ 10-10 ਲੱਖ ਮੁਆਵਜ਼ਾ ਦਿੱਲੀ ਸਰਕਾਰ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਦੇਵੇਗੀ ਜਦਕਿ 5-5 ਲੱਖ ਆਰਥਿਕ ਮਦਦ ਦਿੱਲੀ ਭਾਜਪਾ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਦੇਵੇਗੀ। ਇਸ ਤੋਂ ਇਲਾਵਾ 2-2 ਲੱਖ ਆਰਥਿਕ ਮਦਦ ਪ੍ਰਧਾਨ ਮੰਤਰੀ ਰਾਹਤ ਫੰਡ ਤੋਂ ਦਿੱਤਾ ਜਾਵੇਗਾ।

ਸੀਐੱਮ ਕੇਜਰੀਵਾਲ ਨੇ ਪ੍ਰਗਟਾਇਆ ਦੁੱਖ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਅਗਨੀਕਾਂਡ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਟਵਿੱਟਰ 'ਤੇ ਉਨ੍ਹਾਂ ਲਿਖਿਆ, 'ਬੇਹੱਦ ਦੁਖਦਾਈ ਖ਼ਬਰ। ਫਾਇਰ ਬ੍ਰਿਗੇਡ ਵਿਭਾਗ ਦੇ ਮੁਲਾਜ਼ਮ ਬਚਾਅ ਕਾਰਜ 'ਚ ਜੁਟੇ ਹਨ। ਜ਼ਖ਼ਮੀਆਂ ਨੂੰ ਹਸਪਤਾਲਾਂ 'ਚ ਭਰਤੀ ਕਰਵਾਇਆ ਜਾ ਰਿਹਾ ਹੈ।' ਦਿੱਲੀ ਦੇ ਕੈਬਨਿਟ ਮੰਤਰੀ ਇਮਰਾਨ ਹੁਸੈਨ ਨੇ ਕਿਹਾ ਕਿ ਇਹ ਬੇਹਦ ਦੁਖਦਾਈ ਘਟਨਾ ਹੈ। ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਮਰਨ ਵਾਲਿਆਂ 'ਚ ਜ਼ਿਆਦਾਤਰ ਯੂਪੀ, ਬਿਹਾਰ ਦੇ

ਦੱਸਿਆ ਜਾ ਰਿਹਾ ਹੈ ਕਿ ਘਟਨਾ ਵੇਲੇ ਫੈਕਟਰੀ 'ਚ ਲੋਕ ਸੁੱਤੇ ਹੋਏ ਸਨ। ਇਸ ਹਾਦਸੇ 'ਚ ਜ਼ਿਆਦਾਤਰ ਲੋਕਾਂ ਦੀ ਮੌਤ ਧੂੰਏਂ ਕਾਰਨ ਸਾਹ ਘੁਟਣ ਨਾਲ ਹੋਈ ਹੈ। ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਪਹੁੰਚਣ ਵਾਲੇ ਹੋਰਨਾਂ ਮਰੀਜ਼ਾਂ ਨੂੰ ਦੂਸਰੇ ਹਸਪਤਾਲ ਭੇਜਿਆ ਜਾ ਰਿਹਾ ਹੈ। ਵਾਰਡ ਦੇ ਸਾਰੇ ਡਾਕਟਰ ਅੱਗ 'ਚ ਝੁਲਸੇ ਮਰੀਜ਼ਾਂ ਦੇ ਇਲਾਜ 'ਚ ਜੁਟੇ ਹਨ। ਹਾਦਸੇ 'ਚ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ, ਉਹ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਦੱਸੇ ਜਾ ਰਹੇ ਹਨ। ਮ੍ਰਿਤਕਾਂ 'ਚ ਸਾਰੇ ਪੁਰਸ਼ ਹੀ ਹਨ।

ਫੈਕਟਰੀ 'ਚ ਵੱਡੀ ਗਿਣਤੀ 'ਚ ਲੋਕ ਕਰਦੇ ਸੀ ਕੰਮ

ਦੱਸਿਆ ਜਾ ਰਿਹਾ ਹੈ ਕਿ ਜਿੱਥੇ ਅੱਗ ਲੱਗੀ ਉੱਥੇ ਤਿੰਨ ਮੰਜ਼ਿਲਾ ਇਕ ਹੀ ਕੰਪਨੀ 'ਚ 400 ਤੋਂ ਜ਼ਿਆਦਾ ਲੋਕ ਕੰਮ ਕਰ ਰਹੇ ਸਨ। ਕੰਪਨੀ 'ਚ ਅਲੱਗ-ਅਲੱਗ ਫਲੋਰ 'ਤੇ ਤਿੰਨ ਕੰਪਨੀਆਂ ਚਲਾਈਆ ਜਾ ਰਹੀਆਂ ਸਨ। ਇੱਥੇ ਲੋਕ ਕੰਮ ਕਰਦੇ ਸਨ ਤੇ ਰਾਤ ਨੂੰ ਰਹਿੰਦੇ ਵੀ ਸਨ। ਜ਼ਿਆਦਾਤਰ ਲੋਕ ਘਟਨਾ ਵੇਲੇ ਸੌਂ ਰਹੇ ਸਨ। ਅੱਗ ਕਿਵੇਂ ਲੱਗੀ ਹਾਲੇ ਤਕ ਇਸ ਦੀ ਜਾਣਕਾਰੀ ਨਹੀਂ ਮਿਲੀ ਹੈ। ਮੰਨਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੋਵੇਗੀ। ਦੱਸਿਆ ਜਾ ਰਿਹਾ ਰੈ ਕਿ ਕੰਪਨੀ ਦਾ ਮਾਲਕ ਫ਼ਰਾਰ ਹੈ। ਪੁਲਿਸ ਉਸ ਦੇ ਭਰਾ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕਰ ਰਹੀ ਹੈ।

Posted By: Seema Anand